ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਸ. ਬੀ. ਐਸ. ਨਗਰ ਪ੍ਰਧਾਨ ਸੁਖਜਿੰਦਰ ਸਿੰਘ ਬੱਲੋਵਾਲ ਦੀ ਪ੍ਰਧਾਨਗੀ ਹੇਠ ਡਿਸਟਰਿਕਟ ਮੈਨੇਜਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੂੰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਪ੍ਰਤੀ ਏਕੜ ਹੱਦ ਕਰਜਿਆਂ ਵਿਚ ਕਟੌਤੀ ਕਰਨ ਦੇ ਰੋਸ ਵਜੋਂ ਮੰਗ-ਪੱਤਰ ਸੌਂਪਿਆ ਗਿਆ | ਬਾਅਦ ਵਿਚ ਗੱਲਬਾਤ ਕਰਦਿਆਂ ਵਫਦ ਸਮੇਤ ਪ੍ਰਧਾਨ ਬੱਲੋਵਾਲ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਦੇ ਪ੍ਰਤੀ ਏਕੜ ਹੱਦ ਕਰਜੇ ਵਧਾਉਣ ਦੇ ਕਾਰਜ ਨੂੰ ਕਿਸਾਨਾਂ ਵਲੋਂ ਬਹੁਤ ਹੀ ਸ਼ਲਾਘਾਯੋਗ ਕਾਰਜ ਮੰਨਿਆ ਸੀ ਪਰ ਐਲਾਨ ਦੇ ਅਮਲ ਵਿਚ ਆਉਣ ਤੋਂ ਪਹਿਲਾਂ ਹੀ ਸਰਕਾਰ ਵਲੋਂ ਇਸ ਨੂੰ ਲਾਗੂ ਨਾ ਕਰਨ ਦੇ ਜਾਰੀ ਕੀਤੇ ਫਰਮਾਨ ਨਾਲ ਆਰਥਿਕਤਾ ਦੇ ਝੰਬੇ ਹੋਏ ਕਿਸਾਨਾਂ ਨੂੰ ਰਾਹਤ ਮਿਲਣ ਦੀ ਬਜਾਏ ਬੜੀ ਠੇਸ ਪਹੁੰਚੀ ਹੈ ਕਿਉਂਕਿ ਸਹਿਕਾਰੀ ਸਭਾਵਾਂ ਦੀਆਂ ਕਿਸਾਨ ਭਲਾਈ ਸਕੀਮਾਂ ਨਿੱਜੀ ਤੇ ਹੋਰ ਸਰਕਾਰੀ ਖੇਤਰ ਦੀਆਂ ਬੈਂਕਾਂ ਨਾਲੋਂ ਕਿਸਾਨਾਂ ਦੀਆਂ ਵਧੇਰੇ ਹਿਤੈਸ਼ੀ ਹਨ ਅਤੇ ਕਿਸਾਨ ਆਪਣੀ ਫਸਲ ਦੇ ਵਾਸਤੇ ਖਾਦ ਦਵਾਈਆਂ ਅਤੇ ਕੈਸ਼ ਲੈ ਕੇ ਆਪਣੀ ਫਸਲ ਪਾਲਦੇ ਹਨ ਅਤੇ ਫਸਲ ਵੇਚਣ ਵੱਟਣ ਉਪਰੰਤ ਸਭਾਵਾਂ ਦੇ ਕਰਜ਼ੇ ਸਮੇਤ ਵਿਆਜ ਮੋੜ ਕੇ ਅਗਲੇ ਸੀਜਨ ਲਈ ਫਿਰ ਕਰਜ਼ੇ ਲੈਂਦੇ ਹਨ | ਵਫਦ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਖਾਦਾਂ ਦੇਣ ਮੌਕੇ ਸਭਾਵਾਂ ਵਲੋਂ ਜਬਰਦਸਤੀ ਨੈਨੋ ਯੂਰੀਆ ਤੇ ਹੋਰ ਸਮਗਰੀ ਜਬਰੀ ਦੇਣ ਤੋਂ ਰੋਕਿਆ ਜਾਵੇ ਅਤੇ ਹੱਦ ਕਰਦਿਆਂ ਸੰਬੰਧੀ ਵਾਪਸ ਲਏ ਫਰਮਾਨ ਜਾਰੀ ਕੀਤੇ ਜਾਣ | ਇਸ ਮੌਕੇ ਜਸਪ੍ਰੀਤ ਸਿੰਘ ਤੇ ਜਸਪਾਲ ਸਿੰਘ ਦੋਵੇਂ ਮੀਤ ਪ੍ਰਧਾਨ, ਗੁਰਸੇਵ ਸਿੰਘ ਵਾਈਸ ਪ੍ਰਧਾਨ, ਗੁਰਨੇਕ ਸਿੰਘ ਬਲਾਕ ਪ੍ਰਧਾਨ, ਸੋਹਣ ਸਿੰਘ, ਸਰਨਦੀਪ ਸਿੰਘ, ਜਸਵਿੰਦਰ ਸਿੰਘ ਹੈਪੀ, ਅਜੀਤ ਸਿੰਘ ਅਤੇ ਮੱਖਣ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ |