ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) - ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਸੜਕਾਂ 'ਤੇ ਅਵਾਰਾ ਪਸ਼ੂਆਂ ਨੂੰ ਘੁੰਮਣ- ਫਿਰਨ ਅਤੇ ਸ਼ਹਿਰਾਂ/ਕਸਬਿਆਂ/ਸੜਕਾਂ ਕਿਨਾਰੇ ਚਰਾਉਣ 'ਤੇ ਰੋਕ ਲਗਾ ਦਿੱਤੀ ਹੈ | ਉਨ੍ਹਾਂ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਹੈ ਕਿ ਚਰਵਾਹੇ ਵੱਡੀ ਗਿਣਤੀ ਵਿੱਚ ਗਾਵਾਂ/ਮੱਝਾਂ ਆਦਿ ਲੈ ਕੇ ਉਨ੍ਹਾਂ ਦੇ ਚਾਰੇ ਦੀ ਖ਼ਾਤਰ ਜ਼ਿਲ੍ਹੇ ਦੇ ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ ਵਿਚ ਘੁੰਮਦੇ-ਫਿਰਦੇ ਹਨ, ਜੋ ਕਿ ਲੋਕਾਂ ਦੀਆਂ ਫ਼ਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ | ਇਸ ਨਾਲ ਕਿਸਾਨਾਂ ਅਤੇ ਚਰਵਾਹਿਆਂ ਦਾ ਆਪਸ ਵਿੱਚ ਤਕਰਾਰ ਹੋਣ ਦਾ ਖਦਸ਼ਾ ਬਣ ਜਾਂਦਾ ਹੈ | ਇਸ ਤੋਂ ਇਲਾਵਾ ਟ੍ਰੈਫਿਕ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਕਈ ਵਾਰ ਐਕਸੀਡੈਂਟ ਹੋਣ ਕਾਰਨ ਵਾਹਨਾਂ/ਪਸ਼ੂਆਂ ਦਾ ਨੁਕਸਾਨ ਹੋ ਜਾਂਦਾ ਹੈ | ਇਸ ਲਈ ਸੜਕਾਂ 'ਤੇ ਅਵਾਰਾ ਪਸ਼ੂਆਂ ਦੇ ਘੁੰਮਣ-ਫਿਰਨ/ਚਰਾਉਣ ਅਤੇ ਪਸ਼ੂਆਂ ਵਿਚ ਮੂੰਹ-ਖੁਰ/ਲੰਪੀ ਸਕਿਨ ਦੀ ਬਿਮਾਰੀ ਫੈਲਣ ਤੋਂ ਰੋਕਣ ਦਾ ਉਪਰਾਲਾ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੈ | ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਵਿੱਚ ਕਿਸੇ ਵੀ ਜਨਤਕ ਗਲੀ/ ਪਾਰਕ/ ਸਰਕਾਰੀ ਜਮੀਨ ਉੱਤੇ ਅਣ-ਅਧਿਕਾਰਤ ਤੌਰ 'ਤੇ ਕਿਸੇ ਵੀ ਮੰਦਰ, ਚਰਚ, ਮਸੀਤ ਜਾਂ ਗੁਰਦੁਆਰੇ ਆਦਿ ਦੀ ਉਸਾਰੀ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਿਸੇ ਵਿਭਾਗ ਦੇ ਅਧਿਕਾਰੀ ਵਲੋਂ ਜਨਤਕ ਸਥਾਨ 'ਤੇ ਉਸਾਰੀ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ | ਜਾਰੀ ਹੁਕਮਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਵਿਭਾਗ ਅਧੀਨ ਪੈਂਦੀ ਜਮੀਨ ਉੱਤੇ ਅਜਿਹੀ ਕੋਈ ਉਸਾਰੀ ਨਾ ਹੋਣ ਦੇਣ | ਜਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਜਨਤਕ ਸਥਾਨ, ਪਾਰਕ ਜਾਂ ਗਲੀਆਂ ਆਦਿ ਵਿੱਚ ਕਿਸੇ ਵੀ ਮੰਦਰ, ਚਰਚ, ਮਸੀਤ ਜਾਂ ਗੁਰਦੁਆਰੇ ਆਦਿ ਨੂੰ ਬਣਾਉਣ ਦੀ ਇਜਾਜਤ ਨਾ ਦਿੱਤੀ ਜਾਵੇ | ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਵੱਖਰੇ ਹੁਕਮ ਵਿੱਚ ਜ਼ਿਲ੍ਹੇ ਅੰਦਰ ਵੱਖ-ਵੱਖ ਸਥਾਨਾਂ ਉੱਤੇ ਮਨਾਏ ਜਾ ਰਹੇ ਵਿਆਹ/ ਧਾਰਮਿਕ ਸਮਾਗਮ ਅਤੇ ਹੋਰ ਪ੍ਰੋਗਰਾਮਾਂ ਵਿੱਚ ਬਿਨ੍ਹਾਂ ਮਨਜੂਰੀ ਡਰੋਨ ਚਲਾਉਣ ''ਤੇ ਪੂਰਨ ਪਾਬੰਦੀ ਲਾਈ ਹੈ | ਜਿਕਰਯੋਗ ਹੈ ਕਿ ਪਿਛਲੇ ਦਿਨੀ ਸਰਹੱਦੀ ਜ਼ਿਲਿ੍ਹਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਡਰੋਨ ਰਾਹੀਂ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ | ਉਹਨਾਂ ਜ਼ਿਲ੍ਹੇ ਅੰਦਰ ਟਰੈਕਟਰ ਅਤੇ ਟਰੈਕਟਰ ਨਾਲ ਸਬੰਧਤ ਸੰਦਾਂ ਆਦਿ ਨਾਲ ਖਤਰਨਾਕ ਪ੍ਰਦਰਸ਼ਨ/ਸਟੰਟ ਕਰਨ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਜਿਕਰਯੋਗ ਹੈ ਕਿ ਰਾਜ ਅੰਦਰ ਬੀਤੀ ਦਿਨੀ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚ ਟਰੈਕਟਰ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਸਟੰਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਲਗੀਆਂ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤੇ ਗਏ |