28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਹਿਰਬੰਦੀ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ

ਅਜੀਤ ਡੈਸਕ 20-05-2026

ਜਾਡਲਾ, 19 ਮਈ (ਹਰਕੰਵਲ ਸਿੰਘ ਕੌਲਗੜ੍ਹ)-ਇੱਕ ਪਾਸੇ ਸਰਕਾਰ ਤੇ ਖੇਤੀ ਮਾਹਿਰ ਚਿੰਤਾ ਜ਼ਾਹਿਰ ਕਰ ਰਹੇ ਹਨ ਕਿ ਪੰਜਾਬ ਦੇ ਬਹੁਤ ਸਾਰੇ ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ ਤੇ ਕਿਸਾਨਾਂ ਨੂੰ ਪਾਣੀ ਕੱਢਣ ਤੋਂ ਰੋਕਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਨਹਿਰੀ ਵਿਭਾਗ ਵੱਲੋਂ ਵਾਰ-ਵਾਰ ਲੰਮੀ ਨਹਿਰਬੰਦੀ ਕਰਕੇ ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਫਲ, ਸਬਜ਼ੀਆਂ ਤੇ ਪਸ਼ੂਆਂ ਦੇ ਚਾਰੇ ਲਈ ਪਾਣੀ ਦੀ ਸਖ਼ਤ ਲੋੜ ਹੈ, ਪਰ ਨਹਿਰਾਂ ਸੁੱਕੀਆਂ ਪਈਆਂ ਹਨ | ਇਸ ਕਰਕੇ ਉਨ੍ਹਾਂ ਨੂੰ ਦਿਨ-ਰਾਤ ਟਿਊਬਵੈੱਲ ਚਲਾ ਕੇ ਧਰਤੀ ਹੇਠਲਾ ਪਾਣੀ ਵਰਤਣਾ ਪੈ ਰਿਹਾ ਹੈ | ਬਿਜਲੀ ਦੇ ਲੰਬੇ ਕੱਟਾਂ ਕਾਰਨ ਉਹ ਫ਼ਸਲਾਂ ਨੂੰ ਪੂਰਾ ਪਾਣੀ ਵੀ ਨਹੀਂ ਦੇ ਪਾ ਰਹੇ | ਕਿਸਾਨ ਨੇ ਦੱਸਿਆ ਕਿ ਸਭ ਤੋਂ ਵੱਧ ਨਹਿਰੀ ਪਾਣੀ ਦੇਣ ਦੇ ਦਮਗਜੇ ਮਾਰਨ ਵਾਲੀ ਸਰਕਾਰ ਦੇ ਸਮੇਂ ਦੌਰਾਨ ਸਭ ਤੋਂ ਲੰਮੀ ਨਹਿਰਬੰਦੀ ਹੋ ਰਹੀ ਹੈ | ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਟਾਹਰਾਂ ਮਾਰ ਰਹੀ ਹੈ ਕਿ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾ ਦਿੱਤਾ ਗਿਆ ਹੈ, ਪਰ ਹਕੀਕਤ ਇਹ ਹੈ ਕਿ ਨਹਿਰ ਦੇ ਨਜ਼ਦੀਕ ਮੋਘਿਆਂ ਦੇ ਮੁੱਢ 'ਚ ਬੈਠੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ | ਝੋਨੇ ਦਾ ਸੀਜ਼ਨ ਸਿਰ 'ਤੇ ਹੈ, ਪਰ ਖੇਤਾਂ ਦੀ ਤਿਆਰੀ ਲਈ ਪਾਣੀ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਜੀਵ-ਜੰਤੂ, ਪਸ਼ੂ-ਪੰਛੀ ਤੇ ਬਨਸਪਤੀ ਨੂੰ ਵੀ ਇਨ੍ਹਾਂ ਦਿਨਾਂ 'ਚ ਪਾਣੀ ਦੀ ਬਹੁਤ ਲੋੜ ਹੈ | ਜੇ ਨਹਿਰਾਂ 'ਚ ਪਾਣੀ ਚੱਲੇ ਤਾਂ ਸਾਡਾ ਚੌਗਿਰਦਾ ਵੀ ਹਰਾ-ਭਰਾ ਬਣ ਸਕਦਾ ਹੈ ਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ | ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਕਿ ਤੁਰੰਤ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੋ ਫ਼ਸਲਾਂ ਨੂੰ ਬਚਾਇਆ ਜਾ ਸਕੇ | ਮੋਟਰਾਂ ਬੰਦ ਹੋਣ ਨਾਲ ਬਿਜਲੀ ਦੀ ਮੰਗ ਵਿੱਚ ਵੀ ਕਮੀ ਆਵੇਗੀ, ਜਿਸ ਨਾਲ ਘਰਾਂ ਵਿੱਚ ਬਿਜਲੀ ਸਪਲਾਈ ਨਿਰਵਿਘਨ ਚੱਲੇਗੀ |

ਪਿਛਲੀ ਖ਼ਬਰ ਗਰਮੀ ਤੋਂ ਬਚਾਅ ਲਈ ਆਪਣੇ-ਆਪ ਨੂੰ ਹਾਈਡ੍ਰੇਟਿਡ ਰੱਖਣਾ ਬੇਹੱਦ ਜ਼ਰੂਰੀ-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਗਲੀ ਖ਼ਬਰ ਭਾਜਪਾ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਲੁਕੋ ਕੇ ਦੇਸ਼ ਦੇ ਲੋਕਾਂ ਨੂੰ ਮਾੜੇ ਦਿਨਾਂ ਲਈ ਤਿਆਰ ਕਰਨਾ ਮੰਦਭਾਗਾ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।