ਨਵਾਂਸ਼ਹਿਰ, 19 ਮਈ (ਜਸਬੀਰ ਸਿੰਘ ਨੂਰਪੁਰ) - ਨਵਾਂਸ਼ਹਿਰ ਜ਼ਿਲ੍ਹੇ ਦੀ ਇੱਕੋ-ਇੱਕ ਲਾਇਬ੍ਰੇਰੀ ਜੋ ਕਿ ਬਾਰਾਂਦਰੀ ਬਾਗ ਵਿੱਚ ਸਥਿਤ ਹੈ, ਜਿਸਦਾ ਦਾ ਵਿਕਾਸ ਕਾਰਜ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਅਜੇ ਅਧੂਰਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟ ਤੇ ਜ਼ਿਲ੍ਹਾ ਆਗੂ ਰਾਜੂ ਬਰਨਾਲਾ ਨੇ ਦੱਸਿਆ ਕਿ ਇੱਕ ਸਮਾਂ ਉਹ ਸੀ, ਜਦੋਂ ਇਸ ਲਾਈਬ੍ਰੇਰੀ ਨੂੰ ਬੰਦ ਕੀਤਾ ਜਾਣ ਲੱਗਾ ਸੀ, ਪਰ ਸਟੂਡੈਂਟਸ ਯੂਨੀਅਨ ਦੇ ਵਫਦ ਵਲੋਂ ਇਸ ਲਾਈਬ੍ਰੇਰੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਮਿਲਿਆ ਗਿਆ ਸੀ ਤੇ ਸੰਘਰਸ਼ ਦਾ ਐਲਾਨ ਵੀ ਕੀਤਾ ਗਿਆ ਸੀ, ਜਿਸਦੇ ਤੁਰੰਤ ਬਾਅਦ ਲਾਇਬ੍ਰੇਰੀ ਨੂੰ ਬੰਦ ਕੀਤੇ ਜਾਣ ਦਾ ਕੰਮ ਰੋਕ ਦਿੱਤਾ ਗਿਆ 'ਤੇ ਪ੍ਰਸਾਸ਼ਨ ਵਲੋਂ ਇਸਦੇ ਵਿਕਾਸ ਵੱਲ ਕਦਮ ਪੁੱਟੇ ਗਏ, ਪਰ ਅੱਜ ਲਾਇਬ੍ਰੇਰੀ ਦੇ ਅੱਗੇ ਤਿੰਨ-ਤਿੰਨ ਨੀਂਹ ਪੱਥਰ ਰੱਖਣ ਤੋਂ ਬਾਅਦ ਵੀ ਕਾਰਜ ਅਧੂਰੇ ਹੀ ਪਏ ਹਨ | ਜਦੋਂ ਵੀ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਵਲੋਂ ਲਾਇਬ੍ਰੇਰੀ ਦਾ ਦੌਰਾ ਕੀਤਾ ਜਾਂਦਾ ਹੈ ਤਾਂ ਲਾਇਬ੍ਰੇਰੀ ਦੇ ਪਾਠਕਾਂ ਦੁਆਰਾ ਲਾਇਬ੍ਰੇਰੀ 'ਚ ਬਹੁਤ ਜਰੂਰੀ ਕਿਤਾਬਾਂ-ਮੈਗਜ਼ੀਨਜ਼ ਸਮੇਤ ਹੋਰਨਾਂ ਜਰੂਰੀ ਵਸਤਾਂ ਦੀ ਰੜਕਦੀ ਕਮੀ ਬਾਰੇ ਜ਼ਿਕਰ ਕੀਤਾ ਜਾਂਦਾ ਹੈ, ਕਿਉਂਕਿ ਲਾਇਬ੍ਰੇਰੀ 'ਚ ਕਰੰਟ ਅਫ਼ੇਰਜ਼ ਦੇ ਮੈਗਜ਼ੀਨ ਅਤੇ ਕਿਤਾਬਾਂ ਦੀ ਬਹੁਤ ਲੋੜ ਹੈ, ਜਿਸਨੂੰ ਮੰਗਵਾਉਣ ਲਈ ਪਹਿਲਾਂ ਵੀ ਬੇਨਤੀ-ਪੱਤਰ ਦੇ ਚੁੱਕੇ ਹਨ, ਪਰ ਮੰਗ ਅਜੇ ਤੱਕ ਪੂਰੀ ਨਹੀਂ ਕੀਤੀ ਗਈ | ਇਸ ਤੋਂ ਇਲਾਵਾ ਲਾਇਬ੍ਰੇਰੀ 'ਚ ਏ.ਸੀ ਤੇ ਇਨਵਰਟਰ ਦੀ ਵੀ ਬਹੁਤ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੀ ਜ਼ਿਆਦਾ ਵੱਧ ਜਾਣ ਕਰਕੇ ਪੜ੍ਹਨ ਦੇ ਵਿੱਚ ਮੁਸ਼ਕਿਲ ਆਏਗੀ, ਪੜ੍ਹਨ ਦੇ ਲਈ ਪਾਠਕਾਂ ਲਈ ਵੱਖ-ਵੱਖ ਪਾਰਟਟੀਸ਼ਨ ਕੀਤੀ ਜਾਵੇ, ਵਾਈ-ਫਾਈ ਨੈੱਟਵਰਕ ਦਾ ਰੀਚਾਰਜ ਵੀ ਸਮੇਂ ਸਿਰ ਕੀਤਾ ਜਾਵੇ | ਉਹਨਾਂ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਮੰਗਾਂ ਦੀ ਗੰਭੀਰਤਾ ਨੂੰ ਦੇਖਦੇ ਹੋਇਆਂ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਕਿ ਪਾਠਕਾਂ ਨੂੰ ਪੜ੍ਹਨ 'ਚ ਕੋਈ ਮੁਸ਼ਿਕਲ ਨਾ ਹੋਵੇ | ਇਸ ਮੌਕੇ ਲਾਇਬ੍ਰੇਰੀ ਦੇ ਪਾਠਕ ਬਲਜਿੰਦਰ ਸਿੰਘ, ਸ਼ਿਵਮ, ਦੀਪਕ, ਗੌਰਵ ਸਮੇਤ ਹੋਰ ਵੀ ਪਾਠਕ ਮੌਜੂਦ ਸਨ |