ਮਜਾਰੀ/ਸਾਹਿਬਾ, 19 ਮਈ (ਨਿਰਮਲਜੀਤ ਸਿੰਘ ਚਾਹਲ)-ਇੱਕ ਪਾਸੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਖੇਤਾਂ ਵਿਚ ਹੀ ਵਾਹ ਕੇ ਖਾਦਾਂ ਦਾ ਕੰਮ ਲੈਣ ਲਈ ਤੇ ਅੱਗ ਨਾਲ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ | ਇਸ 'ਤੇ ਅਮਲ ਕਰਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਬਹੁਤ ਸਾਰੇ ਕਿਸਾਨਾਂ ਵਲੋਂ ਕੁੱਝ ਦਿਨਾਂ ਤੋਂ ਲਗਾਤਾਰ ਕਣਕ ਦੀ ਨਾੜ ਨੂੰ ਅੱਗ ਲਗਾ ਕੇ ਜਿੱਥੇ ਵਾਤਾਵਰਣ ਨੂੰ ਖ਼ਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਨਾਲ ਤਪਸ਼ ਵਿਚ ਵੀ ਭਾਰੀ ਵਾਧਾ ਹੋਇਆ ਹੈ | ਇੱਕ ਪਾਸੇ ਕਿਸਾਨ ਖੇਤੀਬਾੜੀ ਵਿਭਾਗ ਦੇ ਕੈਂਪਾਂ ਵਿਚ ਬੈਠੇ ਅਧਿਕਾਰੀਆਂ ਦੇ ਵਿਚਾਰ ਸੁਣਦੇ ਹੁੰਦੇ ਹਨ ਤੇ ਦੂਸਰੇ ਦਿਨ ਖੇਤਾਂ ਵਿਚ ਕਣਕ ਦੀ ਨਾੜ ਸਾੜ ਰਹੇ ਹੰੁਦੇ ਹਨ | ਇਸੇ ਤਰਾਂ ਬਹੁਤੇ ਕਿਸਾਨਾਂ ਵਲੋਂ ਅੱਗ ਲੱਗੇ ਖੇਤਾਂ ਨੂੰ ਮੋਟਰਾਂ ਚਲਾ ਕੇ ਧਰਤੀ ਹੇਠੋਂ ਪਾਣੀ ਕੱਢ ਕੇ ਉਹੀ ਖੇਤ ਨੱਕੋਂ ਨੱਕ ਪਾਣੀ ਨਾਲ ਭਰ ਕੇ ਪਾਣੀ ਦੀ ਬਰਬਾਦੀ ਕੀਤੀ ਹੁੰਦੀ ਹੈ | ਜਦੋਂ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਧਰਤੀ ਹੇਠਲੇ ਮੁੱਕਦੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਕਿਸਾਨਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਫ਼ਸਲਾਂ 'ਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ | ਪਰ ਪ੍ਰਸ਼ਾਸਨ ਚੁੱਪੀ ਧਾਰ ਕੇ ਤੇ ਮੂਕ ਦਰਸ਼ਕ ਬਣ ਕੇ ਧਰਤੀ 'ਤੇ ਪਾਣੀ ਦੀ ਹੁੰਦੀ ਬਰਬਾਦੀ ਨੂੰ ਚੁੱਪ-ਚਾਪ ਦੇਖ ਰਿਹਾ ਹੈ |
ਕਣਕ ਦੀ ਨਾੜ ਸਾੜ ਕੇ ਲੂਹੀ ਜਾ ਰਹੀ ਧਰਤੀ ਦੀ ਹਿੱਕ 'ਚੋਂ ਕੱਢਿਆ ਜਾ ਰਿਹਾ ਬੇਲੋੜਾ ਪਾਣੀ
ਅਜੀਤ ਡੈਸਕ
20-05-2026