28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਿਵਲ ਹਸਪਤਾਲ ਬਲਾਚੌਰ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ

ਅਜੀਤ ਡੈਸਕ 20-05-2026
ਬਲਾਚੌਰ, 19 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ) - ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਦੀ ਅਗਵਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਤਿੰਦਰਪਾਲ ਸਿੰਘ ਨੇ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਤੋਂ ਇਲਾਵਾ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੀ ਪਛਾਣ ਬਾਰੇ ਵੀ ਦੱਸਿਆ | ਉਨ੍ਹਾਂ ਆਮ ਲੋਕਾਂ ਨੂੰ ਹਫਤੇ ਵਿੱਚ ਇਕ ਵਾਰ ਗਮਲਿਆਂ, ਕੂਲਰਾਂ, ਫਰਿੱਜ ਦੀਆਂ ਟਰੇਆਂ, ਪੁਰਾਣੇ ਟਾਇਰਾਂ ਅਤੇ ਛੱਤਾਂ 'ਤੇ ਪਏ ਕਬਾੜ ਸਮਾਨ ਵਿੱਚ ਖੜ੍ਹੇ ਪਾਣੀ ਨੂੰ ਸਾਫ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਣ ਦਾ ਇਕੋ-ਇਕ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ 'ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਮੁਹਿੰਮ ਤਹਿਤ ਲਾਰਵਾ ਖਤਮ ਕਰਨ ਲਈ ਘਰ-ਘਰ ਸਰਵੇ ਤੇ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਕੁੱਝ ਦਿਨਾਂ ਵਿਚ ਖ਼ਤਰਨਾਕ ਮੱਛਰ ਦਾ ਰੂਪ ਲੈ ਲੈਂਦਾ ਹੈ, ਜਿਹੜਾ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ | ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਤੇ ਜੋੜਾਂ ਵਿਚ ਦਰਦ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ 'ਤੇ ਨੱਕ, ਮੂੰਹ ਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ | ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਹੋਣ ਦਾ ਕੋਈ ਪੱਕਾ ਮੌਸਮ ਨਹੀਂ, ਪਰ ਆਮ ਤੌਰ 'ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਅਖ਼ੀਰ ਤੱਕ ਜ਼ਿਆਦਾ ਹੁੰਦਾ ਹੈ | ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ | ਇਸ ਮੌਕੇ ਰਾਮ ਗੋਪਾਲ, ਸਤੀਸ਼ ਕੁਮਾਰ, ਅਮਨਦੀਪ ਸਿੰਘ, ਪਵੀਨ ਕੈਂਥ ਤੇ ਸੁਰਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ |
ਪਿਛਲੀ ਖ਼ਬਰ ਵਪਾਰ ਮੰਡਲ ਦੇ ਵਫਦ ਨੇ ਸਮੱਸਿਆਵਾਂ ਦੇ ਹੱਲ ਲਈ ਡੀ.ਐਸ.ਪੀ ਅੱਗੇ ਲਾਈ ਗੁਹਾਰ ਅਗਲੀ ਖ਼ਬਰ ਰੱਲ੍ਹ ਗੋਤ ਪਰਿਵਾਰਾਂ ਵਲੋਂ ਆਪਣੇ ਵੱਡੇ ਵਡੇਰਿਆਂ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਸੈਂਕੜਿਆਂ ਦੀ ਤਾਦਾਦ 'ਚ ਸੰਗਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।