ਔੜ/ਉੜਾਪੜ-ਲਸਾੜਾ, 19 ਮਈ (ਗੁਰਨਾਮ ਸਿੰਘ ਸੈਣੀ, ਲਖਵੀਰ ਸਿੰਘ ਖੁਰਦ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਲੇਖ ਰਾਜ ਬੇਗੋਵਾਲ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਆਰ. ਐਮ. ਸਕੀਮ ਅਧੀਨ ਬਲਾਕ ਔੜ ਦੇ ਪਿੰਡ ਚੱਕਦਾਨਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਰਾਜ ਕੁਮਾਰ ਬਲਾਕ ਖੇਤੀਬਾੜੀ ਅਫ਼ਸਰ ਔੜ ਨੇ ਕੀਤੀ ਅਤੇ ਜਿਸ ਵਿਚ ਪਿੰਡ ਉੜਾਪੜ, ਚੱਕਦਾਨਾ, ਖੁਰਦ, ਪੰਦਰਾਵਲ, ਨੰਗਲ ਜੱਟਾਂ, ਬੁਰਜ ਟਹਿਲ ਦਾਸ ਦੇ 100 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ | ਇਸ ਮੌਕੇ 'ਤੇ ਉਨ੍ਹਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਭੂਮੀ ਦੀ ਸਿਹਤ ਨੂੰ ਬਰਕਰਾਰ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ | ਡਾਕਟਰ ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਵਿਕਾਸ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਗੰਨੇ ਦੇ ਝਾੜ ਵਿਚ ਵਾਧਾ ਕਰਨ ਲਈ ਗੰਨੇ ਦੀ ਕਾਸ਼ਤ ਦੇ ਨਾਲ-ਨਾਲ ਗੰਨੇ ਦੀਆਂ ਬਿਮਾਰੀਆਂ ਤੇ ਲੱਗਣ ਵਾਲੇ ਕੀੜੇ ਮਕੌੜਿਆਂ ਦੀ ਰੋਕਥਾਮ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ | ਮੈਡਮ ਮੋਨਿਕਾ ਖੇਤੀਬਾੜੀ ਵਿਕਾਸ ਅਫਸਰ ਔੜ ਨੇ ਕਿਸਾਨਾਂ ਨੂੰ ਝੋਨੇ ਤੇ ਮੱੱਕੀ ਦੀ ਕਾਸ਼ਤ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ | ਮੈਡਮ ਅੰਜੂ ਸਾਗਰ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਸੰਬੰਧੀ ਦੱਸਿਆ ਅਤੇ ਉਸ ਮੁਤਾਬਿਕ ਖਾਦਾਂ ਪਾਉਣ ਦੀ ਸਲਾਹ ਦਿੱਤੀ | ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਕਮਲਦੀਪ ਸਿੰਘ ਸੰਘਾ ਪ੍ਰਾਜੈਕਟ ਡਾਇਰੈਕਟਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨਾਲ ਐਗਰੀਸਟੈਕ, ਮੱਕੀ ਸੰਬੰਧੀ, ਕੁਦਰਤੀ ਖੇਤੀ ਤੇ ਘਰੇਲੂ ਬਗੀਚੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਜਸਕਰਨ ਸਿੰਘ ਵੈਟਰਨਰੀ ਅਫਸਰ ਉੜਾਪੜ ਨੇ ਵੀ ਪਸ਼ੂਆਂ ਤੋਂ ਵਧੇਰੇ ਦੁੱਧ ਲੈਣ ਅਤੇ ਇਨ੍ਹਾਂ ਦੀਆਂ ਬਿਮਾਰੀਆਂ ਸੰਬੰਧੀ ਵੀ ਚਾਨਣਾ ਪਾਇਆ | ਇਸ ਮੌਕੇ ਲਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੋਵੇਂ ਏ. ਟੀ. ਐਮ. ਅਤੇ ਸੁਖਦੇਵ ਸਿੰਘ, ਕਮਲਦੀਪ ਸਿੰਘ, ਮਨਜਿੰਦਰ ਸਿੰਘ, ਸਤਵਿੰਦਰ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਮਾਨ ਸਿੰਘ ਆਦਿ ਅਗਾਂਹ ਵਧੂ ਕਿਸਾਨ ਹਾਜ਼ਰ ਸੀ | ਇਸ ਮੌਕੇ ਕਿਸਾਨਾਂ ਨੂੰ ਸਟੱਬਲ ਬਰਨਿੰਗ ਸੰਬੰਧੀ ਲਿਟਰੇਚਰ ਵੀ ਵੰਡਿਆ ਗਿਆ ਹੈ |