ਕਾਠਗੜ੍ਹ, 4 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਯੁਵਕ ਸੇਵਾਵਾਂ ਬੋਰਡ ਦੇ ਡਾਇਰੈਕਟਰ ਐਡਵੋਕੇਟ ਸੰਜੀਵ ਚੌਧਰੀ (ਚੇਚੀ) ਵਲੋਂ ਇਲਾਕੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦਿਆਂ ਇਕ ਅਹਿਮ ਕਦਮ ਚੁੱਕਿਆ ਗਿਆ ਹੈ | ਐਡਵੋਕੇਟ ਚੇਚੀ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਮੰਗ-ਪੱਤਰ ਦਿੰਦਿਆਂ ਉਨ੍ਹਾਂ ਨੇ ਹਲਕਾ ਬਲਾਚੌਰ ਅਤੇ ਕਾਠਗੜ੍ਹ ਦੇ ਸਰਕਾਰੀ ਹਸਪਤਾਲਾਂ ਦੀ ਤਰਸਯੋਗ ਹਾਲਤ ਵੱਲ ਧਿਆਨ ਦਿਵਾਉਂਦਿਆਂ ਇੱਥੇ ਡਾਕਟਰਾਂ ਤੇ ਆਧੁਨਿਕ ਮੈਡੀਕਲ ਸਹੂਲਤਾਂ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਹੈ | ਸਿਹਤ ਮੰਤਰੀ ਨੂੰ ਦਿੱਤੇ ਗਏ ਪੱਤਰ ਵਿਚ ਐਡਵੋਕੇਟ ਸੰਜੀਵ ਚੇਚੀ ਨੇ ਦੱਸਿਆ ਕਿ ਹਲਕਾ ਬਲਾਚੌਰ ਤੇ ਕਾਠਗੜ੍ਹ ਸਰਕਾਰੀ ਹਸਪਤਾਲ, ਖਾਸ ਕਰਕੇ ਬਲਾਚੌਰ ਹਸਪਤਾਲ ਤੇ ਕਾਠਗੜ੍ਹ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਤੇ ਸਟਾਫ਼ ਦੀ ਭਾਰੀ ਘਾਟ ਚੱਲ ਰਹੀ ਹੈ | ਇਸ ਕਾਰਨ ਆਮ ਜਨਤਾ, ਗਰੀਬ ਤੇ ਮਜ਼ਦੂਰ ਵਰਗ ਨੂੰ ਇਲਾਜ ਕਰਵਾਉਣ ਵਿਚ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪੱਤਰ ਰਾਹੀਂ ਮੰਗ ਕੀਤੀ ਕਿ ਬਲਾਚੌਰ ਤੇ ਕਾਠਗੜ੍ਹ ਦੇ ਹਸਪਤਾਲਾਂ ਲਈ ਮਾਹਿਰ ਡਾਕਟਰਾਂ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ, ਜਿਸ 'ਚ ਮੁੱਖ ਤੌਰ 'ਤੇ ਜਨਰਲ ਸਰਜਨ, ਆਰਥੋ ਡਾਕਟਰ, ਬੱਚਿਆਂ ਦੇ ਮਾਹਿਰ ਡਾਕਟਰ, ਇਸਤਰੀ ਰੋਗਾਂ ਦੇ ਮਾਹਿਰ ਤੇ ਐਮ. ਡੀ. ਮੈਡੀਸਨ ਆਦਿ ਡਾਕਟਰ ਸ਼ਾਮਲ ਹਨ | ਇਸ ਦੇ ਨਾਲ ਹੀ ਉਨ੍ਹਾਂ ਹਸਪਤਾਲ ਵਿਚ ਐਮ. ਆਰ. ਆਈ. ਮਸ਼ੀਨ ਦੀ ਸਹੂਲਤ ਦੇਣ ਤੇ ਅਲਟਰਾਸਾਊਾਡ ਤੇ ਐਕਸ-ਰੇ ਦੇ ਮਾਹਿਰ ਡਾਕਟਰਾਂ ਦਾ ਪ੍ਰਬੰਧ ਕਰਨ ਦੀ ਵੀ ਵਕਾਲਤ ਕੀਤੀ | ਉਨ੍ਹਾਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਹਲਕਾ ਬਲਾਚੌਰ ਦੇ ਪਛੜੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ |