ਬੰਗਾ, 4 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਵਾਤਾਵਰਨ ਦੀ ਰੱਖਿਆ ਤੇ ਧਰਤੀ ਨੂੰ ਬਚਾਉਣ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਸੇਂਟ ਸੋਲਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਚ ਵਾਤਾਵਰਨ ਦਿਵਸ ਮੌਕੇ ਸਮਾਗਮ ਕਰਵਾਇਆ | ਸਕੂਲ ਮੈਨੇਜਰ ਮੈਡਮ ਈਸ਼ਾ ਨੇ ਕਿਹਾ ਕਿ ਵਿਸ਼ਵ ਵਾਤਾਵਰਨ ਦਿਵਸ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇਕ ਗਲੋਬਲ ਪਲੇਟਫਾਰਮ ਹੈ | ਅੱਜ ਦੇ ਸਮੇਂ ਦੀ ਲੋੜ ਹੈ ਕਿ ਹਰ ਨਾਗਰਿਕ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਨਰਿੰਦਰ ਕੌਰ ਰੰਧਾਵਾ ਤੇ ਪ੍ਰਭਨੂਰ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਇਸ ਧਰਤੀ ਨੂੰ ਹਰਿਆ-ਭਰਿਆ ਛੱਡਿਆ ਸੀ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ | ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਤੇ ਵਾਤਾਵਰਨ ਵਿਚ ਫੈਲ ਰਹੀਆਂ ਭਿਆਨਕ ਬਿਮਾਰੀਆਂ ਅਤੇ ਪ੍ਰਦੂਸ਼ਣ ਤੋਂ ਬਚਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ | ਸਕੂਲ ਡਾਇਰੈਕਟਰ ਮੈਡਮ ਚਰਨਜੀਤ ਕੌਰ ਤੇ ਮੈਡਮ ਜੋਤੀ ਟਾਹ ਨੇ ਕਿਹਾ ਕਿ ਅੱਜ ਦੀ ਘੜੀ ਵਾਤਾਵਰਣ ਦੀ ਸੰਭਾਲ ਦੁਨੀਆਂ ਪੱਧਰ 'ਤੇ ਵੱਡਾ ਵਿਸ਼ਾ ਬਣਿਆ ਹੋਇਆ ਹੈ | ਕਿਉਂਕਿ ਵਧ ਰਹੇ ਪ੍ਰਦੂਸ਼ਣ ਕਾਰਨ ਸਮੱਸਿਆਵਾਂ ਵਧ ਰਹੀਆਂ ਹਨ | ਜਿਸ ਕਰਕੇ ਹਰ ਵਿਅਕਤੀ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਵਧ ਰਹੇ ਪ੍ਰਦੂਸ਼ਣ ਦੇ ਚੱਲਦੇ ਵਾਤਾਵਰਨ ਦੀ ਸੰਭਾਲ ਜ਼ਰੂਰੀ ਹੈ | ਵਿਦਿਆਰਥੀਆਂ ਵਲੋਂ ਦਵਾਈਆਂ 'ਚ ਵਰਤੇ ਜਾਂਦੇ ਬੂਟੇ-ਅਸ਼ਵਗੰਧਾ, ਤੁਲਸੀ, ਨਿੰਮ, ਆਂਵਲਾ, ਗਿਲੋਏ ਆਦਿ ਲਗਾਏ ਗਏ | ਹਰ ਜਮਾਤ ਦੇ ਵਿਦਿਆਰਥੀਆਂ ਨੇ ਫੁੱਲਾਂ ਵਾਲੇ ਬੂਟੇ ਲਗਾਏ | ਅੰਤ ਵਿਚ ਸਕੂਲ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਨੇ ਬੂਟਿਆਂ ਦੀ ਦੇਖ-ਰੇਖ ਅਤੇ ਸੰਭਾਲਣ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਦਿੱਤੀ ਤਾਂ ਜੋ ਉਹ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਸਕਣ |