06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬੁਰਜ ਟਹਿਲ ਦਾਸ ਬੰਨ੍ਹ ਨੂੰ ਬਚਾਉਣ ਲਈ ਪ੍ਰਸ਼ਾਸਨ ਜਲਦ ਦਰਿਆ ਵਿਚਕਾਰ ਪੁੱਟੇ ਨਹਿਰ

ਅਜੀਤ ਡੈਸਕ 09-06-2026
ਉੜਾਪੜ/ਲਸਾੜਾ, 8 ਜੂਨ (ਲਖਵੀਰ ਸਿੰਘ ਖੁਰਦ)-ਪਿਛਲੇ ਸਾਲ ਬਰਸਾਤਾਂ ਦੇ ਦੌਰਾਨ ਸਤਲੁਜ ਦਰਿਆ 'ਚ ਆਏ ਹੜ੍ਹਾਂ ਕਾਰਨ ਪਿੰਡ ਬੁਰਜ ਟਹਿਲ ਦਾਸ ਕੋਲੋਂ ਧੁੱਸੀ ਬੰਨ੍ਹ ਵਿਚ ਪਏ ਵੱਡੇ ਪਾੜ ਤੋਂ ਸਹਿਮੇ ਹੋਏ ਲੋਕਾਂ ਵਲੋਂ ਦਰਿਆ ਦੇ ਵਹਿਣ ਦੇ ਬਦਲੇ ਰੁਖ 'ਤੇ ਚਿੰਤਾ ਜਹਿਰ ਕੀਤੀ ਹੈ | ਇਸ ਸੰਬੰਧੀ ਇਲਾਕੇ ਦੇ ਮੁਹਤਵਾਰ ਲੋਕ ਬੁਰਜ ਟਹਿਲ ਦਾਸ ਨੇੜੇ ਦਰਿਆ ਨਜ਼ਦੀਕ ਇਕੱਠੇ ਹੋਏ, ਜਿਸ ਵਿਚ ਬੋਲਦਿਆਂ ਸਹਿਕਾਰੀ ਸਭਾ ਫਾਂਬੜਾ ਦੇ ਪ੍ਰਧਾਨ ਜਰਨੈਲ ਸਿੰਘ, ਬੇਗੋਵਾਲ ਦੇ ਸਰਪੰਚ ਹਿਤੇਸ਼ ਮਾਹੀ ਤੇ ਤਜਿੰਦਰ ਸਿੰਘ ਧੰਜੂ ਨੇ ਕਿਹਾ ਭਾਵੇਂ ਪ੍ਰਸ਼ਾਸਨ ਵਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਤੇ ਦਰਿਆ ਵਿਚ ਖ਼ਤਰੇ ਵਾਲੀ ਥਾਂ 'ਤੇ ਠੋਕਰਾਂ ਵੀ ਲਾਈਆਂ ਜਾ ਰਹੀਆਂ ਹਨ | ਪਿਛਲੇ ਸਾਲ ਟੁੱਟੇ ਹੋਏ ਬੰਨ੍ਹ ਨੂੰ ਪੱਥਰਾਂ ਦੇ ਸਟੱਡ ਬਣਾ ਕੇ ਪੱਕਾ ਕੀਤਾ ਜਾ ਰਿਹਾ ਹੈ ਪਰ ਇਲਾਕੇ ਦੇ ਲੋਕਾਂ ਲਈ ਨਵੀਂ ਸਮੱਸਿਆ ਦਰਿਆ ਦੇ ਪਾਣੀ ਨੇ ਹੁਣ ਨਵੀਂ ਥਾਂ ਤੋਂ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ | ਦਰਿਆ ਵਿਚ ਪਾਣੀ ਦੀ ਮਾਤਰਾ ਅਜੇ ਬਹੁਤ ਘੱਟ ਹੈ ਪਰ ਫਿਰ ਵੀ ਪਾਣੀ ਜ਼ਮੀਨ ਨੂੰ ਖੋਰਾ ਲਾ ਕੇ ਨਵਾਂ ਖ਼ਤਰਾ ਪੈਦਾ ਕਰ ਰਿਹਾ ਹੈ | ਇਸ ਲਈ ਬਰਸਾਤਾਂ ਦਾ ਮੌਸਮ ਨੇੜੇ ਹੋਣ ਕਾਰਨ ਲੋਕਾਂ ਦੇ ਮਨਾਂ ਵਿਚ ਫਿਰ ਇਸ ਗੱਲ ਦਾ ਡਰ ਹੈ ਕਿ ਇਸ ਵਾਰ ਦਰਿਆ ਦਾ ਪਾਣੀ ਮੁੜ ਉਨ੍ਹਾਂ ਦਾ ਪਹਿਲਾਂ ਨਾਲੋਂ ਵੀ ਵੱਡਾ ਨੁਕਸਾਨ ਨਾ ਕਰ ਦੇਵੇ | ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਬਤ ਦੱਸ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਸੁਝਾਉ ਦਿੱਤਾ ਸੀ ਕਿ ਦਰਿਆ ਦੇ ਵਿਚਕਾਰ ਬਰਸਾਤਾਂ ਤੋਂ ਪਹਿਲਾਂ ਹੀ ਨਹਿਰ ਪੁੱਟ ਦਿੱਤੀ ਜਾਵੇ ਤਾਂ ਕਿ ਪਾਣੀ ਦਾ ਵਹਾਉ ਦਰਿਆ ਦੇ ਵਿਚਕਾਰ ਹੀ ਰਹੇ ਤੇ ਬੰਨ੍ਹਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਜਾਂ ਫਿਰ ਪ੍ਰਸ਼ਾਸਨ ਲੋਕਾਂ ਨੂੰ ਨਹਿਰ ਪੁੱਟਣ ਦੀ ਇਜਾਜਤ ਦੇ ਦੇਵੇ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਹ ਪਤਾ ਲਗਾ ਸੀ ਕਿ ਇਥੇ ਨਹਿਰ ਪੁੱਟਣ ਦੀ ਮਨਜੂਰੀ ਮਿਲ ਗਈ ਹੈ ਪਰ ਅਜੇ ਤੱਕ ਇਥੇ ਕੋਈ ਕੰਮ ਸ਼ੁਰੂ ਨਹੀ ਹੋਇਆ | ਸਮੂਹ ਇਲਾਕਾ ਵਾਸੀਆਂ ਵਲੋਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਗਈ ਕਿ ਜੇਕਰ ਪ੍ਰਸ਼ਾਸ਼ਨ ਲਿਖਤੀ ਮਨਜ਼ੂਰੀ ਦਿੰਦਾ ਹੈ ਤਾਂ ਲੋਕ ਆਪ ਨਹਿਰ ਪੁੱਟਣ ਲਈ ਤਿਆਰ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਇਕ ਵਾਰ ਉਹ ਇਸ ਥਾਂ ਦਾ ਮੌਕਾ ਜ਼ਰੂਰ ਦੇਖਣ | ਇਸ ਸੰਬੰਧੀ ਡਰੇਨ ਵਿਭਾਗ ਦੇ ਐਕਸੀਅਨ ਨਾਲ ਫੋਨ 'ਤੇ ਰਾਬਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ | ਇਸ ਮੌਕੇ ਸੋਹਣ ਲਾਲ ਬੁਰਜ ਟਹਿਲ ਦਾਸ, ਬਹਾਦਰ ਰਾਮ, ਸੋਹਨ ਸਿੰਘ, ਜੰਗ ਬਹਾਦਰ, ਦਰਵਾਰਾ ਸਿੰਘ, ਤਲਵਿੰਦਰ ਸਿੰਘ, ਤਜਿੰਦਰ ਸਿੰਘ ਧੰਜੂ, ਕਿ੍ਸ਼ਨ ਬੇਗੋਵਾਲ, ਜੀਵਨ ਦਾਸ ਬੇਗੋਵਾਲ, ਸ਼ੇਰ ਸਿੰਘ ਬੁਰਜ, ਸਕੱਤਰ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਤੁਲਨ ਵਿਗੜਨ ਕਾਰਨ ਕਾਰ ਪਲਟੀ ਅਗਲੀ ਖ਼ਬਰ ਟੋਰੋਵਾਲ ਦੇ ਹਵੇਲੀ ਵਾਲਿਆਂ ਦੇ ਦੋਹਤੇ ਰਿਆਨ ਚੇਚੀ ਨੇ ਚੌਥੇ ਸਾਲ ਵੀ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।