ਬਲਾਚੌਰ, 9 ਜੂਨ (ਨਰੇਸ਼ ਧੌਲ)-ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ 40 ਡਿਗਰੀ ਤੋਂ ਪਾਰ ਦੇ ਤਾਪਮਾਨ ਵਾਲੀ ਪੈ ਰਹੀ ਅੱਤ ਦੀ ਗਰਮੀ ਕਾਰਨ ਸਮੁੱਚਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ | ਹਰ ਵਰਗ ਨਾਲ ਸੰਬੰਧਿਤ ਕਾਰੋਬਾਰੀ ਆਪਣੇ ਆਪਣੇ ਕਾਰਜ ਸਵੇਰੇ 11 ਵਜੇ ਤੱਕ ਜਾਂ ਦੁਪਹਿਰੋਂ ਬਾਅਦ ਕਰਨ ਨੂੰ ਤਰਜੀਹ ਦੇ ਰਹੇ ਹਨ | ਦੁਪਹਿਰ ਵੇਲੇ ਬਲਾਚੌਰ ਸ਼ਹਿਰ ਅਤੇ ਸਮੁੱਚੇ ਇਲਾਕੇ ਅੰਦਰ ਪੂਰੀ ਤਰਾਂ ਸੰਨਾਟਾ ਪਸਰਿਆ ਹੋਇਆ ਹੁੰਦਾ ਹੈ | ਸੜਕਾਂ ਉੱਤੇ ਚੱਲ ਰਹੇ ਦੋ ਪਹੀਆ ਵਾਹਨ ਚਾਲਕਾਂ ਨੇ ਵੀ ਗਰਮੀ ਤੋਂ ਬੱਚਣ ਲਈ ਆਪਣਾ ਸਿਰ ਮੂੰਹ ਕੱਪੜੇ ਨਾਲ ਲਪੇਟਿਆ ਹੁੰਦਾ ਹੈ | ਇਸ ਤੋਂ ਇਲਾਵਾ ਭਾਰੀ ਗਰਮੀ ਦੇ ਮੌਸਮ ਕਾਰਨ ਪੀਣ ਵਾਲੇ ਪਾਣੀ ਦੀ ਘਾਟ ਵੀ ਪਾਈ ਜਾ ਰਹੀ ਹੈ | ਸ਼ਹਿਰ ਅੰਦਰ ਗੰਨੇ ਦੇ ਰਸ ਦੀਆਂ ਰੇੜੀਆਂ, ਨਿੰਬੂ ਵਾਲੀ ਸ਼ਕਿੰਜਵੀ ਅਤੇ ਆਈਸਕ੍ਰੀਮ ਆਦਿ ਦੀਆਂ ਦੁਕਾਨਾਂ 'ਤੇ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ | ਗਰਮੀ ਵੱਧ ਜਾਣ ਨਾਲ ਏ.ਸੀ, ਕੂਲਰ ਅਤੇ ਪੱਖਿਆਂ ਦੀ ਵਿਕਰੀ 'ਚ ਵੀ ਵਾਧਾ ਹੋ ਰਿਹਾ ਹੈ | ਗਰਮੀ ਤੋਂ ਬੱਚਣ ਲਈ ਹਰ ਵਰਗ ਦੇ ਲੋਕ ਮੀਂਹ ਪੈਣ ਦਾ ਇੰਤਜ਼ਾਰ ਕਰ ਰਹੇ ਹਨ |
ਅੱਤ ਦੀ ਪੈ ਰਹੀ ਗਰਮੀ ਨੇ ਜਨ-ਜੀਵਨ ਕੀਤਾ ਪ੍ਰਭਾਵਿਤ, ਦੁਪਹਿਰ ਵੇਲੇ ਹਰ ਪਾਸੇ ਪਸਰਿਆ ਸੰਨਾਟਾ
ਅਜੀਤ ਡੈਸਕ
10-06-2026