ਕਾਠਗੜ੍ਹ, 9 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਹੀਦ ਭਗਤ ਸਿੰਘ ਨਗਰ ਵਣ ਮੰਡਲ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਭੇਜੇ ਗਏ ਸਰਕਾਰੀ ਪੱਤਰਾਂ ਦੇ ਅਧਾਰ 'ਤੇ ਪੁਲਿਸ ਨੇ ਪਿੰਡ ਰਾਏਪੁਰ ਦੇ ਸਰਕਾਰੀ ਜੰਗਲ ਵਿੱਚੋਂ ਕੀਮਤੀ ਖੈਰ ਦੀ ਲੱਕੜ ਚੋਰੀ ਕਰਨ ਦੇ ਦੋਸ਼ ਹੇਠ ਵੱਡੀ ਕਾਰਵਾਈ ਕੀਤੀ ਹੈ | ਪੁਲਿਸ ਨੇ ਦੋਸੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਬੀਤੀ 18 ਅਪ੍ਰੈਲ ਨੂੰ ਵਣ ਵਿਭਾਗ ਦੇ ਫੀਲਡ ਸਟਾਫ਼ ਗੌਤਮ ਸਿੰਘ ਵਣ ਗਾਰਡ ਇੰਚਾਰਜ ਬੀਟ ਮਾਜਰਾ ਜੱਟਾਂ, ਗੁਰਮੋਹਣ ਸਿੰਘ ਵਣ ਗਾਰਡ ਇੰਚਾਰਜ ਬੜਵਾ ਬੀਟ ਅਤੇ ਜਗਦੀਪ ਸਿੰਘ ਬਲਾਕ ਅਫ਼ਸਰ ਇੰਚਾਰਜ ਬਲਾਕ ਕਾਠਗੜ੍ਹ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ | ਇਸ ਸੂਚਨਾ ਦੇ ਅਧਾਰ 'ਤੇ ਜਦੋਂ ਟੀਮ ਨੇ ਪਿੰਡ ਰਾਏਪੁਰ ਦੇ ਸਰਕਾਰੀ ਜੰਗਲ 'ਚ ਗਸ਼ਤ ਕੀਤੀ, ਤਾਂ ਉੱਥੇ ਪੰਜ ਵਿਅਕਤੀ ਸਰਕਾਰੀ ਜੰਗਲ ਵਿੱਚੋਂ ਕੱਟੇ ਗਏ ਖੈਰ ਦੇ ਮੋਛਿਆਂ ਨੂੰ ਇੱਕ ਗੱਡੀ ਵਿਚ ਲੋਡ ਕਰਦੇ ਹੋਏ ਰੰਗੇ ਹੱਥੀਂ ਦੇਖੇ ਗਏ | ਵਣ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਚੋਰਾਂ ਨੂੰ ਰੋਕਣ ਦੀ ਕੋਸ਼ਸ਼ਿ ਕੀਤੀ, ਤਾਂ ਉਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਆਪਣੀ ਮਹਿੰਦਰਾ ਬੋਲੈਰੋ ਪਿਕਅੱਪ ਗੱਡੀ, ਜਿਸ ਦਾ ਨੰਬਰ ਪੀ.ਬੀ 32 ਏ.ਡੀ 0442 ਸੀ, ਵਿਚ ਲੱਕੜ ਸਮੇਤ ਮੌਕੇ ਤੋਂ ਫਰਾਰ ਹੋ ਗਏ | ਵਣ ਵਿਭਾਗ ਦੀ ਮੁਸਤੈਦੀ ਕਾਰਨ ਮੌਕੇ 'ਤੇ ਦੋ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ | ਇਨ੍ਹਾਂ ਵਿੱਚੋਂ ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਸੋਨੂੰ ਪੁੱਤਰ ਸੋਹਣ ਸਿੰਘ ਵਾਸੀ ਪਨਿਆਲੀ ਕਲਾਂ ਵਜੋਂ ਹੋਈ ਹੈ, ਜਦਕਿ ਕੰਡਕਟਰ ਸੀਟ 'ਤੇ ਬੈਠੇ ਦੂਜੇ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਦਰਸ਼ਨ ਲਾਲ ਵਾਸੀ ਪਨਿਆਲੀ ਕਲਾਂ ਵਜੋਂ ਹੋਈ ਹੈ | ਇਨ੍ਹਾਂ ਦੋਵਾਂ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਵਿਅਕਤੀ ਵੀ ਇਸ ਚੋਰੀ ਵਿੱਚ ਸ਼ਾਮਲ ਸਨ, ਜੋ ਹਨੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ | ਇਸ ਸਾਰੀ ਘਟਨਾ ਸਬੰਧੀ ਵਣ ਮੰਡਲ ਅਫ਼ਸਰ ਸੁਨੀਲ ਕੁਮਾਰ ਵੱਲੋਂ ਭੇਜੇ ਪੱਤਰਾਂ ਦੇ ਅਧਾਰ 'ਤੇ ਪੁਲਿਸ ਨੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ | ਏ. ਐੱਸ. ਆਈ. ਰਾਮ ਸ਼ਾਹ ਵੱਲੋਂ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਫਰਾਰ ਹੋਏ ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ |