28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਵਫ਼ਦ ਵਲੋਂ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਨਾਲ ਗੱਲਬਾਤ

ਅਜੀਤ ਡੈਸਕ 14-06-2026
ਨਵਾਂਸ਼ਹਿਰ, 13 ਜੂਨ (ਜਸਬੀਰ ਸਿੰਘ ਨੂਰਪੁਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਫ਼ਦ ਨੇ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਡਾ. ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕਰਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਸੰਬੰਧਿਤ ਅਹਿਮ ਮੰਗਾਂ ਅਤੇ ਮਸਲਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਮੀਟਿੰਗ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਵਿੱਤ ਸਕੱਤਰ ਤੇ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੀ ਜਨਰਲ ਸਕੱਤਰ ਊਸ਼ਾ ਰਾਣੀ ਵੀ ਸ਼ਾਮਿਲ ਹੋਏ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ। ਯੂਨੀਅਨ ਵਲੋਂ ਹੈਲਪਰਾਂ ਦੀ ਦਸਵੀਂ ਯੋਗਤਾ ਦੇ ਆਧਾਰ ‘ਤੇ ਪ੍ਰਮੋਸ਼ਨ ਦੇ ਮਾਮਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਮਾਤਾਵਾਂ ਦੀ ਸਸ਼ਕਤੀਕਰਨ ਯੋਜਨਾ ਅਤੇ ਹੋਰ ਸਰਕਾਰੀ ਗਤੀਵਿਧੀਆਂ ਦੌਰਾਨ ਛੁੱਟੀਆਂ ਵਾਲੇ ਦਿਨਾਂ ਵਿਚ ਹੈਲਪਰਾਂ ਨੂੰ ਬਿਨਾਂ ਕਿਸੇ ਭੁਗਤਾਨ ਦੇ ਡਿਊਟੀ ‘ਤੇ ਸੱਦੇ ਜਾਣ ਦਾ ਸਖ਼ਤ ਵਿਰੋਧ ਕੀਤਾ ਅਤੇ ਅਜਿਹੇ ਕੰਮਾਂ ਲਈ ਬਣਦਾ ਮਾਣ ਦੇਣ ਦੀ ਮੰਗ ਉਠਾਈ ਗਈ। ਮੀਟਿੰਗ ਦੌਰਾਨ ਸੁਪਰਵਾਈਜ਼ਰਾਂ ਦੀ ਭਰਤੀ ਵਿੱਚ ਹੋ ਰਹੀ ਬੇਵਜ੍ਹਾ ਦੇਰੀ ਦਾ ਮਾਮਲਾ ਵੀ ਉਠਾਇਆ ਗਿਆ ਤੇ ਭਰਤੀ ਪ੍ਰਕਿਰਿਆ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਨੇ ਹਾਲ ਹੀ ਵਿਚ ਪੋਸ਼ਣ ਰਾਸ਼ਨ ਵਿਚ ਮਿਲੇ ਜ਼ਹਿਰੀਲੇ ਤੇ ਗੈਰ-ਮਿਆਰੀ ਪਦਾਰਥਾਂ ਦੇ ਗੰਭੀਰ ਮਾਮਲੇ ਵੱਲ ਵੀ ਡਾਇਰੈਕਟਰ ਦਾ ਧਿਆਨ ਦਿਵਾਇਆ ਅਤੇ ਬੱਚਿਆਂ ਤੇ ਗਰਭਵਤੀ ਮਾਵਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਡਾ. ਸ਼ੇਨਾ ਅਗਰਵਾਲ ਨੇ ਯੂਨੀਅਨ ਵਲੋਂ ਉਠਾਏ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਜਲਦੀ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸੇ ਦਿਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਬਿਨਾਂ ਪ੍ਰੀਮੀਅਮ ਵਾਲੀ ਬੀਮਾ ਯੋਜਨਾ ਸੰਬੰਧੀ ਵੀ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਬੈਂਕਾਂ ਤੇ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਦੇ ਕਈ ਪ੍ਰਮੁੱਖ ਬੈਂਕਾਂ ਤੇ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਐਕਸਿਸ ਬੈਂਕ ਤੇ ਪੰਜਾਬ ਐਂਡ ਸਿੰਧ ਬੈਂਕ ਵਲੋਂ ਆਪਣੇ ਪ੍ਰਸਤਾਵਿਤ ਬੀਮਾ ਅਤੇ ਬੈਂਕਿੰਗ ਪੈਕੇਜ ਪੇਸ਼ ਕੀਤੇ ਗਏ, ਜਦਕਿ ਹੋਰ ਬੈਂਕਾਂ ਵਲੋਂ ਆਪਣੇ ਪ੍ਰਸਤਾਵ ਅਗਲੀ ਮੀਟਿੰਗ ਵਿਚ ਪੇਸ਼ ਕੀਤੇ ਜਾਣਗੇ। ਜਥੇਬੰਦੀਆਂ ਵਲੋਂ ਮੰਗ ਕੀਤੀ ਗਈ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਬੀਮਾ ਪੈਕੇਜਾਂ ਦੇ ਸਾਰੇ ਵੇਰਵੇ, ਲਾਭ, ਸ਼ਰਤਾਂ, ਉਮਰ ਸੀਮਾਵਾਂ ਤੇ ਹੈਲਪਰਾਂ ਸਮੇਤ ਸਾਰੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਏ ਬਿਨਾਂ ਕਿਸੇ ਵੀ ਯੋਜਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਦੁਬਾਰਾ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿਚ ਸਾਰੇ ਬੈਂਕ ਆਪਣੇ ਵਿਸਥਾਰਪੂਰਵਕ ਪੈਕੇਜ ਪੇਸ਼ ਕਰਨਗੇ। ਉਸ ਤੋਂ ਬਾਅਦ ਜੱਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਉਹ ਬੈਂਕ ਚੁਣਿਆ ਜਾਵੇਗਾ ਜੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਭ ਤੋਂ ਵਧੀਆ ਅਤੇ ਵੱਧ ਤੋਂ ਵੱਧ ਲਾਭਦਾਇਕ ਸਹੂਲਤਾਂ ਪ੍ਰਦਾਨ ਕਰੇਗਾ।
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਦੇ ਕੁਝ ਡਰਾਈਵਰ-ਕੰਡਕਟਰਾਂ ਵਲੋਂ ਯਾਤਰੀਆਂ ਨਾਲ ਕੀਤੇ ਜਾ ਰਹੇ ਦੁਰਵਿਹਾਰ ਨੂੰ ਲੈ ਕੇ ਲੋਕਾਂ ਵਿਚ ਪਾਇਆ... ਅਗਲੀ ਖ਼ਬਰ ਨੀਟ ਪੇਪਰ ਲੀਕ ਹੋਣ ਦੇ ਰੋਸ ਵਜੋਂ ਕੱਢੀ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।