ਕਾਠਗੜ੍ਹ, 16 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ਟੌਂਸਾ ਦੇ ਸੈਂਟਰੀਏਂਟ ਫਾਰਮਾਸਿਊਟੀਕਲ ਦੇ ਪ੍ਰਬੰਧਕਾਂ ਦੇ ਮਾਰਗਦਰਸ਼ਨ ਹੇਠ ਸਫੇਰੂਲ ਫਾਊਂਡੇਸ਼ਨ ਸੰਸਥਾ ਵਲੋਂ ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਲਈ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਸੰਸਥਾ ਵਲੋਂ ਹਫ਼ਤੇ ਦੇ ਦਿਨਾਂ ਵਿਚ ਲਗਾਤਾਰ ਲੜੀਵਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਇਸ ਵਾਰ ਰੈਲ ਮਾਜਰਾ ਦੀਆਂ ਤਿੰਨ ਪੰਚਾਇਤਾਂ ਵਿਖੇ ਵਿਸ਼ੇਸ਼ ਕੈਂਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਦੇ ਅਧੀਨ ਰੈਲ ਮਾਜਰਾ ਵਿਖੇ ਇਕ ਮੈਡੀਕਲ ਕੈਂਪ ਲਗਾਇਆ। ਇਸ ਕੈਂਪ ਦੌਰਾਨ ਤਪਦੀ ਗਰਮੀ ਤੇ ਵਧੇ ਹੋਏ ਤਾਪਮਾਨ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਪਹੁੰਚੇ। ਕੈਂਪ ਵਿਚ ਪਹੁੰਚੇ ਲਗਪਗ 70 ਮਰੀਜ਼ਾਂ ਦੀ ਮਾਹਿਰ ਡਾਕਟਰਾਂ ਵਲੋਂ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਮੈਡੀਕਲ ਕੈਂਪ ਵਿਚ ਡਾ. ਸ਼ੈਲਜਾ ਸ਼ਰਮਾ, ਡਾਕਟਰ ਅੰਕਿਸ਼ ਵਸ਼ਿਸ਼ਟ, ਡਾਕਟਰ ਸੂਰਿਆਕਾਂਤ, ਅਨਿਲ ਮਿਸ਼ਰਾ ਅਤੇ ਫਾਰਮਾਸਿਸਟ ਸੁਨੇਹਾ ਪਰੋਆ ਸਮੇਤ ਹਰਚੰਦ ਸਿੰਘ ਦੀ ਪੂਰੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਮਰੀਜ਼ਾਂ ਨੂੰ ਸੇਵਾਵਾਂ ਦਿੱਤੀਆਂ। ਇਸ ਮੌਕੇ ਡਾ. ਸ਼ੈਲਜਾ ਸ਼ਰਮਾ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਦਿਨੋਂ-ਦਿਨ ਤਾਪਮਾਨ ਕਾਫ਼ੀ ਜ਼ਿਆਦਾ ਵੱਧ ਰਿਹਾ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਸਮ ਵਿਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾਵੇ। ਇਸ ਪਰਉਪਕਾਰੀ ਕਾਰਜ ਲਈ ਪਿੰਡ ਦੀ ਪੰਚਾਇਤ, ਸਰਪੰਚ ਤੇ ਸਮੂਹ ਪੰਚਾਂ ਵਲੋਂ ਸੈਂਟਰੀਏਂਟ ਫਾਰਮਾਸਿਊਟੀਕਲ ਦੇ ਪ੍ਰਬੰਧਕਾਂ ਤੇ ਮੈਡੀਕਲ ਟੀਮ ਦਾ ਦਿਲੋਂ ਧੰਨਵਾਦ ਕੀਤਾ।
ਸੈਂਟਰੀਏਂਟ ਫਾਰਮਾਸਿਊਟੀਕਲ ਤੇ ਸਫੇਰੂਲ ਫਾਊਂਡੇਸ਼ਨ ਵਲੋਂ ਲਗਾਏ ਕੈਂਪ ਦੌਰਾਨ 70 ਦੇ ਕਰੀਬ ਮਰੀਜ਼ਾਂ ਦੀ ਜਾਂਚ
ਅਜੀਤ ਡੈਸਕ
17-06-2026