ਰਾਮਪਾਲ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਥਾਣਾ ਟਾਂਡਾ ਅੱਗੇ ਧਰਨਾ ਜਾਰੀ
ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਵੱਲੋਂ ਪਿੰਡ ਹਰਸੀ ਦੇ ਪੰਚਾਇਤ ਮੈਂਬਰ ਰਾਮਪਾਲ ਸਿੰਘ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਲਾਕਾ ਵਾਸੀਆਂ ਵੱਲੋਂ ਥਾਣਾ ਟਾਂਡਾ ਦੇ ਸਾਹਮਣੇ ਲਗਾਇਆ ਧਰਨਾ ਲਗਾਤਾਰ ਜਾਰੀ ਹੈ। ਧਰਨਾਕਾਰੀਆਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਨੂੰ ਸਿਆਸੀ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦਿੰਦਿਆਂ ਰਾਮਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।
ਟਾਂਡਾ ਉੜਮੁੜ, 1 ਨਵੰਬਰ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਵੱਲੋਂ ਪਿੰਡ ਹਰਸੀ ਦੇ ਪੰਚਾਇਤ ਮੈਂਬਰ ਰਾਮਪਾਲ ਸਿੰਘ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਇਲਾਕਾ ਵਾਸੀਆਂ ਵੱਲੋਂ ਥਾਣਾ ਟਾਂਡਾ ਦੇ ਸਾਹਮਣੇ ਲਗਾਇਆ ਧਰਨਾ ਲਗਾਤਾਰ ਜਾਰੀ ਹੈ। ਧਰਨਾਕਾਰੀਆਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਨੂੰ ਸਿਆਸੀ ਦਬਾਅ ਹੇਠ ਕੀਤੀ ਗਈ ਕਾਰਵਾਈ ਕਰਾਰ ਦਿੰਦਿਆਂ ਰਾਮਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਪਾਲ ਸਿੰਘ ਖ਼ਿਲਾਫ਼ ਪਹਿਲਾਂ ਵੀ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੂੰ ਸੈਸ਼ਨ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਲਤੀ ਹੁਕਮਾਂ ਅਨੁਸਾਰ ਜਾਂਚ ਵਿਚ ਸ਼ਾਮਲ ਹੋਣ ਲਈ ਜਦੋਂ ਉਹ ਥਾਣੇ ਪਹੁੰਚਿਆ ਤਾਂ ਪੁਲਿਸ ਵੱਲੋਂ ਉਸ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਕਾਰਵਾਈ ਨੂੰ ਲੈ ਕੇ ਇਲਾਕੇ ਵਿਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਬਾਠ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ, ਸ਼ਹਿਰ ਵਾਸੀਆਂ ਅਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਥਾਣਾ ਟਾਂਡਾ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਭੁੱਲਾ ਬਾਠ ਨੇ ਕਿਹਾ ਕਿ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਰਾਮਪਾਲ ਸਿੰਘ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਲੋਕਾਂ ਖ਼ਿਲਾਫ਼ ਕਥਿਤ ਤੌਰ ’ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਰਾਮਪਾਲ ਸਿੰਘ ਨੂੰ ਜਲਦ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਕਲ ਤਕ ਰਾਮ ਪਾਲ ਨੂੰ ਨਾ ਰਿਹਾ ਕੀਤਾ ਗਿਆ ਤਾਂ ਟਾਂਡਾ ਤਹਿਸੀਲ ਸਾਹਮਣੇ ਵੱਖ ਵੱਖ ਸੰਸਥਾਵਾਂ ਵਲੋਂ ਧਰਨਾ ਲਗਾਇਆ ਜਾਵੇਗਾ। ਖ਼ਬਰ ਲਿਖਣ ਤੱਕ ਧਰਨਾ ਜਾਰੀ ਸੀ।