25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਫਿਰੌਤੀਆਂ ਮੰਗਣ ਦੇ ਮਾਮਲੇ 'ਚ ਖਮਾਣੋਂ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 28-02-2026
ਖਮਾਣੋਂ, 27 ਫਰਵਰੀ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਫਿਰੌਤੀਆਂ ਮੰਗਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੇ ਹਰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਰਾਏਪੁਰ ਮਾਜਰੀ ਥਾਣਾ ਖੇੜੀ ਨੌਧ ਸਿੰਘ ਨੂੰ ਬੰਬੇ ਹਵਾਈ ਅੱਡੇ ਤੋਂ ਉਦੋਂ ਗਿ੍ਫ਼ਤਾਰ ਕੀਤਾ, ਜਦੋਂ ਉਹ ਇੱਥੋਂ ਦੁਬਈ ਜਾਣ ਦੀ ਤਾਕ 'ਚ ਸੀ | ਪੁਲਿਸ ਮੁਤਾਬਿਕ ਇਹ ਵਿਅਕਤੀ ਕੁਝ ਦਿਨ ਪਹਿਲਾਂ ਥਾਣਾ ਖਮਾਣੋਂ ਵਿਖੇ ਸ਼ਹਿਰ ਦੇ ਕਿਸੇ ਪੂੰਜੀਪਤੀ ਨੂੰ ਫਿਰੌਤੀ ਦੀ ਮੰਗ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਦਰਜ ਮੁਕੱਦਮੇ 'ਚ ਕਥਿਤ ਤੌਰ 'ਤੇ ਮੁੱਖ ਮੁਲਜ਼ਮ ਜਗਰੂਪ ਸਿੰਘ ਵਾਸੀ ਠੀਕਰੀਵਾਲ ਥਾਣਾ ਖਮਾਣੋਂ ਦਾ ਰਿਸ਼ਤੇ 'ਚ ਮਾਮਾ ਲੱਗਦਾ ਹੈ | ਪੁਲਿਸ ਵਲੋਂ ਇਸ ਮੁਕੱਦਮੇ 'ਚ ਦੋਨਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ | ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰਦੇ ਹੋਏ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਲਈ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ 'ਤੇ ਨਿਗਰਾਨੀ ਲਈ ਟੀਮਾਂ ਤਾਇਨਾਤ ਕੀਤੀਆਂ ਹੋਈਆਂ ਸਨ ਕਿ ਇਹ ਵਿਅਕਤੀ ਵਿਦੇਸ਼ ਨਾ ਚਲਾ ਜਾਏ | ਪੁਲਿਸ ਇਸ ਦੀ ਲਗਾਤਾਰ ਭਾਲ ਕਰਦੀ ਰਹੀ ਅਤੇ ਇਹ ਆਪਣੇ ਘਰ ਪੁਲਿਸ ਨੂੰ ਛਾਪੇਮਾਰੀ ਦੌਰਾਨ ਨਹੀਂ ਮਿਲਿਆ ਸੀ | ਇਸ ਤੋਂ ਇਲਾਵਾ ਮਾਮਲੇ 'ਚ ਪੁਲਿਸ ਨੂੰ ਇਨ੍ਹਾਂ ਦੋਨੋਂ ਵਿਅਕਤੀਆਂ ਦੀ ਸੋਸ਼ਲ ਮੀਡੀਆ ਸਨੈਪਚੈਟ 'ਤੇ ਅਜਿਹੇ ਜੁਰਮ 'ਚ ਸ਼ਮੂਲੀਅਤ ਦੇ ਸਬੂਤ ਮਿਲੇ ਸਨ | ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਪਹਿਲਾਂ ਵੀ ਜਾਰਜੀਆ ਨਾਮਕ ਦੇਸ਼ ਤੋਂ ਡਿਪੋਰਟ ਹੋਇਆ ਹੈ | ਪੁਲਿਸ ਨੇ ਅੱਜ ਗਿ੍ਫ਼ਤਾਰੀ ਉਪਰੰਤ ਸਥਾਨਕ ਨਿਆਇਕ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਇਸ ਨੂੰ ਪੁਲਿਸ ਰਿਮਾਂਡ 'ਤੇ ਸੀ.ਆਈ.ਏ. ਸਰਹਿੰਦ ਵਿਖੇ ਭੇਜ ਦਿੱਤਾ ਗਿਆ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਦੀਆਂ ਹੱਤਿਆਵਾਂ ਕਰ ਰਹੀ-ਗਿ... ਅਗਲੀ ਖ਼ਬਰ ਕੇਜਰੀਵਾਲ ਤੇ ਸਿਸੋਦੀਆ ਨੂੰ ਅਦਾਲਤ ਵਲੋਂ ਬਰੀ ਕਰਨ ਦੇ ਫ਼ੈਸਲੇ ਦਾ ਵਿਧਾਇਕ ਬੜਿੰਗ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।