25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਦੀਆਂ ਹੱਤਿਆਵਾਂ ਕਰ ਰਹੀ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 28-02-2026
ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਪੁਲਿਸ ਪ੍ਰਸ਼ਾਸਨ ਰਾਹੀਂ ਝੂਠੇ ਪੁਲਿਸ ਮੁਕਾਬਲਿਆਂ ਨਾਲ ਮਾਪਿਆਂ ਦੇ ਨੌਜਵਾਨਾਂ ਪੁੱਤਾਂ ਦੀਆਂ ਹੱਤਿਆਵਾਂ ਕਰਨੀਆਂ ਕਿਸੇ ਵੀ ਪੱਖ ਤੋਂ ਜਾਇਜ਼ ਨਹੀਂ ਹੈ ਅਤੇ ਜੇਕਰ ਕੋਈ ਵਿਅਕਤੀ ਦੋਸ਼ੀ ਹੈ ਤਾਂ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਈ ਜਾਣੀ ਚਾਹੀਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਪੰਥਕ ਇਕੱਤਰਤਾ ਨੂੰ ਸੰਬੋਧਨ ਕਰਨ ਉਪਰੰਤ ਪੈੱ੍ਰਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਅਤੇ ਪੰਥ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪੰਥਕ ਮਸਲਿਆਂ ਵਿਚ ਗੁਰੂਘਰਾਂ ਦੀਆਂ ਜਾਇਦਾਦਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਪ੍ਰਬੰਧਾਂ ਵਿਚ ਬਹੁਤ ਸਾਰੀਆਂ ਖ਼ਾਮੀਆਂ ਉਤਪੰਨ ਹੋ ਗਈਆਂ ਹਨ, ਜਦੋਂਕਿ ਪੰਜਾਬ ਦੇ ਮਸਲਿਆਂ ਵਿਚ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਹੈ, ਜਿਸ ਨਾਲ ਨੌਜਵਾਨੀ ਬਰਬਾਦ ਹੋ ਰਹੀ ਹੈ, ਸਿੱਟੇ ਵਜੋਂ ਅਪਰਾਧ ਵੱਧ ਰਹੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੈ, ਕਿਉਂਕਿ ਦਿਨ ਦਿਹਾੜੇ ਕਤਲ ਹੋ ਰਹੇ ਹਨ ਜਿਸ ਕਰਕੇ ਸੂਬੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਤੇ ਹਲਕੇ ਵਾਈਜ਼ ਸ਼ੁਰੂ ਕੀਤੀਆਂ ਮੀਟਿੰਗਾਂ ਦਾ ਮਕਸਦ ਪੰਜਾਬ ਦੇ ਲੋਕਾਂ ਖ਼ਾਸਕਰ ਪੰਥਕ ਸੋਚ ਵਾਲੇ ਲੋਕਾਂ ਨੂੰ ਇਨ੍ਹਾਂ ਮਸਲਿਆਂ ਤੇ ਚੁਨੌਤੀਆਂ ਪ੍ਰਤੀ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦਾ ਕਦੇ ਕੁਝ ਨਹੀਂ ਸੰਵਾਰਿਆ ਅਤੇ ਜੇਕਰ ਆਪਣਿਆਂ ਨੂੰ ਸੱਤਾ ਸੌਂਪੀ ਤਾਂ ਉਨ੍ਹਾਂ ਆਪਣਿਆਂ ਦੇ ਹੀ ਪਿੱਠ ਵਿਚ ਛੁਰਾ ਖੋਭਿਆ ਹੈ | ਇਸ ਲਈ ਪੰਜਾਬ ਦੇ ਲੋਕ ਨਾ ਹੁਣ ਦਿੱਲੀ ਤੋਂ ਰਿਮੋਟ ਨਾਲ ਚੱਲਣ ਵਾਲੀਆਂ ਪਾਰਟੀਆਂ ਨੂੰ ਮੂੰਹ ਲਾਉਣਗੇ ਅਤੇ ਨਾ ਹੀ ਪਰਖੇ ਗਏ ਆਪਣਿਆਂ ਨੂੰ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿਚ ਲੋਕਾਂ ਪਾਸੋਂ ਮਿਲ ਰਹੇ ਭਰਵੇਂ ਸਮਰਥਨ ਤੋਂ ਸਪੱਸ਼ਟ ਹੈ ਕਿ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਸੱਤਾ ਸੰਭਾਲਣ ਦਾ ਮਨ ਬਣਾ ਚੁੱਕੇ ਹਨ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗਿਆਨੀ ਰਘਵੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਲੋਂ ਫ਼ਾਰਗ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਸੱਚ ਬੋਲਣ ਦੀ ਸਜ਼ਾ ਉਨ੍ਹਾਂ ਨੂੰ 1 ਸਾਲ ਪਹਿਲਾਂ ਮਿਲੀ ਸੀ, ਹੁਣ ਉਹੀ ਸਜ਼ਾ ਗਿਆਨੀ ਰਘਵੀਰ ਸਿੰਘ ਨੂੰ ਸੱਚ ਬੋਲਣ ਦੀ ਦਿੱਤੀ ਗਈ ਹੈ ਅਤੇ ਜੇਕਰ ਗਿਆਨੀ ਸੁਲਤਾਨ ਸਿੰਘ ਵੀ ਸੱਚ ਬੋਲਣਗੇ ਤਾਂ ਉਨ੍ਹਾਂ ਨੂੰ ਵੀ ਅਹੁਦੇ ਤੋਂ ਫ਼ਾਰਗ ਕਰ ਦਿੱਤਾ ਜਾਵੇਗਾ | ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਪਿਛਲੇ ਦਿਨੀਂ ਦਿੱਤੇ ਬਿਆਨ ਬਾਰੇ ਪੁੱਛੇ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਪ੍ਰਮੁੱਖ ਆਗੂ ਹਨ, ਉਨ੍ਹਾਂ ਦੇ ਬਿਆਨ ਨੂੰ ਸਹੀ ਰੂਪ ਵਿਚ ਪੇਸ਼ ਨਹੀਂ ਕੀਤਾ ਗਿਆ | ਇਸ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਜਬਰ ਜ਼ੁਲਮ ਦੇ ਖ਼ਿਲਾਫ਼ ਕੋਈ ਸੰਘਰਸ਼ ਸ਼ੁਰੂ ਹੋਇਆ ਤਾਂ ਉਸ ਵਿਚ ਸਰਮਾਏਦਾਰਾਂ ਤੇ ਪੂੰਜੀਪਤੀਆਂ ਨੇ ਯੋਗਦਾਨ ਨਹੀਂ ਪਾਇਆ ਸਗੋਂ ਦੱਬੇ ਕੁਚਲੇ ਲੋਕਾਂ ਨੇ ਸੰਘਰਸ਼ ਜਿੱਤੇ ਹਨ | ਇਹ ਸੰਘਰਸ਼ ਵੀ ਆਮ ਲੋਕਾਂ ਦੇ ਬਲਬੂਤੇ 'ਤੇ ਜਿੱਤਿਆ ਜਾਵੇਗਾ | ਇਕੱਤਰਤਾ ਦੌਰਾਨ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਗੁਰਜੀਤ ਸਿੰਘ ਤਲਵੰਡੀ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਅਤੇ ਮਾਸਟਰ ਚਰਨਜੀਤ ਸਿੰਘ ਖਾਲਸਪੁਰ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਟੇਜ਼ ਸਕੱਤਰ ਦੀ ਜਿੰਮੇਵਾਰੀ ਹਰਵੇਲ ਸਿੰਘ ਮਾਧੋਪੁਰ ਨੇ ਬਾਖੂਬੀ ਨਿਭਾਈ | ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ 'ਤੇ ਜਸਟਿਸ ਨਿਰਮਲ ਸਿੰਘ, ਗੁਰਜੀਤ ਸਿੰਘ ਤਲਵੰਡੀ, ਹਰਵੇਲ ਸਿੰਘ ਮਾਧੋਪੁਰ, ਮਾਸਟਰ ਚਰਨਜੀਤ ਸਿੰਘ ਖਾਲਸਪੁਰ, ਬਲਬੀਰ ਸਿੰਘ ਬਾਜਵਾ, ਕਰਨੈਲ ਸਿੰਘ ਮਾਧੋਪੁਰ,ਜਗਜੀਤ ਸਿੰਘ ਕੋਹਲੀ, ਅਜੀਤ ਸਿੰਘ ਮੱਕੜ, ਆੜਤੀ ਰਾਜੇਸ਼ ਸਿੰਗਲਾ ਬਸੀ ਪਠਾਣਾਂ, ਜਸਵੀਰ ਸਿੰਘ ਸ਼ਹੀਦਗੜ੍ਹ, ਮਾਸਟਰ ਅਜੀਤ ਸਿੰਘ, ਹਰੀ ਸਿੰਘ ਚਮਕ, ਮਲਕੀਤ ਸਿੰਘ ਰੈਲੋਂ, ਰਾਕੇਸ਼ ਕੁਮਾਰ, ਪਿ੍ੰਸੀਪਲ ਮੇਹਰ ਸਿੰਘ, ਨਿਰਮਲ ਸਿੰਘ ਸ਼ਾਦੀਪੁਰ, ਜਗਦੀਸ਼ ਸਿੰਘ ਬੈਂਸ, ਜਗਤਾਰ ਸਿੰਘ ਭੱਟੀਆਂ, ਗੁਰਮੀਤ ਸਿੰਘ ਪਿੰਟਾ ਸੇਠੀ, ਕੇਵਲ ਸਿੰਘ ਕੱਦੋਂ, ਜਸਬੀਰ ਸਿੰਘ ਪੱਪੀ, ਸੂਬੇਦਾਰ ਮੇਜਰ ਸਿੰਘ, ਜਗਦੀਸ਼ ਸਿੰਘ ਰਾਣਾ, ਬਲਜਿੰਦਰ ਸਿੰਘ ਹਰਬੰਸਪੁਰਾ, ਜਰਨੈਲ ਸਿੰਘ ਨਬੀਪੁਰ, ਅਮਰਜੀਤ ਸਿੰਘ ਵਾਲੀਅਮ, ਹਰਜੀਤ ਸਿੰਘ ਗੁਣੀਆ ਮਾਜਰੀ, ਸੰਪੂਰਨ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਸ਼ਹੀਦਗੜ੍ਹ, ਜਗਤਾਰ ਸਿੰਘ ਖਾਲਸਾ, ਲਖਵਿੰਦਰ ਸਿੰਘ ਮਹਿਮੂਦਪੁਰ, ਮਲਕੀਤ ਸਿੰਘ ਸ਼ਿਵਦਾਸਪੁਰ, ਕੁਲਦੀਪ ਸਿੰਘ ਮਜਾਤੜੀ, ਗਿਆਨੀ ਸਤਪਾਲ ਸਿੰਘ, ਜਗਦੇਵ ਸਿੰਘ ਪੰਜਕੋਹਾ, ਮੁਖਤਿਆਰ ਸਿੰਘ ਬਧੋਛੀ ਕਲਾਂ, ਸੱਜਣ ਸਿੰਘ, ਸੰਦੀਪ ਕੌਰ ਮਕਾਰੋਂਪੁਰ, ਜਗਪ੍ਰੀਤ ਕੌਰ ਖਾਲਸਪੁਰ, ਕੁਲਦੀਪ ਸਿੰਘ ਪੰਚ, ਜਗਪ੍ਰੀਤ ਸਿੰਘ, ਹਰਪ੍ਰੀਤ ਭੈਰੋਂਪੁਰ, ਸਤਨਾਮ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ ਥਾਬਲਾਂ, ਗੁਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸ਼ਾਮਿਲ ਸਨ | ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹੇ ਦੀ ਲੀਡਰਸ਼ਿਪ ਦਰਮਿਆਨ ਪੈਦਾ ਹੋਏ ਮਤਭੇਦਾਂ ਦੇ ਚੱਲਦਿਆਂ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਿੱਧੂ ਸਮੇਤ ਜ਼ਿਲ੍ਹੇ ਦੇ 14 ਸਰਕਲ ਪ੍ਰਧਾਨਾਂ ਨੇ ਇਸ ਇਕੱਤਰਤਾ ਤੋਂ ਦੂਰੀ ਬਣਾਈ ਰੱਖੀ | ਜੋ ਪਾਰਟੀ ਅੰਦਰਲੀ ਧੜੇਬੰਦੀ ਨੂੰ ਸਪੱਸ਼ਟ ਰੂਪ ਵਿਚ ਉਜਾਗਰ ਕਰਦੀ ਸੀ |
ਪਿਛਲੀ ਖ਼ਬਰ ਹਸਪਤਾਲਾਂ 'ਚ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦੇ ਨਾਲ-ਨਾਲ ਮੁਢਲੀਆਂ ਸਹੂਲਤਾਂ ਦੇਣੀਆਂ ਵੀ ਯਕੀਨੀ ਬਣਾਈਆਂ ਜਾਣ-ਡਾ. ਅਰਵ... ਅਗਲੀ ਖ਼ਬਰ ਫਿਰੌਤੀਆਂ ਮੰਗਣ ਦੇ ਮਾਮਲੇ 'ਚ ਖਮਾਣੋਂ ਪੁਲਿਸ ਵਲੋਂ ਇਕ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।