ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਬਲਜਿੰਦਰ ਸਿੰਘ)-ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਲੋਂ ਕਰੀਬ ਛੇ ਸਾਲ ਪਹਿਲਾਂ ਚੰਡੀਗੜ੍ਹ 'ਚ ਵਿਕਣਯੋਗ ਸ਼ਰਾਬ ਦੀਆਂ 35 ਪੇਟੀਆਂ ਸਮੇਤ ਬਡਾਲੀ ਆਲਾ ਸਿੰਘ ਪੁਲਿਸ ਵਲੋਂ ਕਾਬੂ ਕੀਤੇ ਗਏ ਇਕ ਵਿਅਕਤੀ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 30 ਜੂਨ 2019 ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਆਬਕਾਰੀ ਐਕਟ ਦੀ ਧਾਰਾ 61/1/14 ਤਹਿਤ ਦਰਜ ਕੀਤੇ ਗਏ ਮੁਕੱਦਮੇ ਵਿਚ ਹਰਪ੍ਰੀਤ ਸਿੰਘ ਵਾਸੀ ਖੰਨਾ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਜਿਸ ਸਬੰਧੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬਡਾਲੀ ਆਲਾ ਸਿੰਘ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਵਲੋਂ ਦੁਪਹਿਰ ਸਮੇਂ ਪੰਜਾਬੀ ਰਸੋਈ ਢਾਬੇ ਨਜ਼ਦੀਕ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਜਿਸ ਦੌਰਾਨ ਚੰਡੀਗੜ੍ਹ ਵਲੋਂ ਆ ਰਹੀ ਹੌਂਡਾ ਸਿਟੀ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਕਤ ਕਾਰ ਚਲਾ ਰਹੇ ਹਰਪ੍ਰੀਤ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਾਲੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ 'ਚੋਂ ਚੰਡੀਗੜ੍ਹ ਵਿਚ ਵਿਕਣਯੋਗ ਸ਼ਰਾਬ ਦੀਆਂ 35 ਪੇਟੀਆਂ 420 ਬੋਤਲਾਂ ਬਰਾਮਦ ਹੋਈਆਂ | ਇਸ ਸਬੰਧੀ ਅਦਾਲਤ ਵਿਚ ਚੱਲੀ ਸੁਣਵਾਈ ਪੂਰੀ ਹੋਣ 'ਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਆਬਕਾਰੀ ਐਕਟ 1914 ਦੀ ਧਾਰਾ 61(1) ਤਹਿਤ ਦੋਸ਼ੀ ਮੰਨਦੇ ਹੋਏ 2 ਸਾਲ ਕੈਦ ਬਾਮੁਸ਼ੱਕਤ ਅਤੇ 2,00,000/- ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ |