ਫ਼ਤਹਿਗੜ੍ਹ ਸਾਹਿਬ, 27 ਫਰਵਰੀ (ਮਨਪ੍ਰੀਤ ਸਿੰਘ)-ਬਜ਼ੁਰਗਾਂ ਦੀ ਭਲਾਈ ਲਈ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਵਿਸ਼ਵਕਰਮਾ ਮੰਦਿਰ ਹਾਲ, ਪ੍ਰੋਫੈਸਰ ਕਾਲੋਨੀ ਸਰਹਿੰਦ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਰਾਏ ਨੇ ਕੈਂਪ 'ਚ ਸੰਬੋਧਨ ਕਰਦਿਆਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦੀ ਸ਼ਾਨ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਨੂੰ ਵਿੱਤੀ ਸਹਾਇਤਾ ਦੇ ਤੌਰ 'ਤੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਦਿੱਤੀ ਜਾ ਰਹੀ ਹੈ ਤੇ ਇਸੇ ਲੜੀ ਤਹਿਤ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਰਕਾਰੀ ਦਫ਼ਤਰਾਂ ਕੰਮ ਕਰਾਉਣ ਲਈ ਆਉਣ ਵਾਲੇ ਸੀਨੀਅਰ ਸਿਟੀਜ਼ਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ | ਇਸ ਕੈਂਪ ਦੌਰਾਨ ਮਾਲਵਾ ਆਰਟਸ ਐਂਡ ਕਲਚਰ ਸੁਸਾਇਟੀ ਮੋਹਾਲੀ ਵਲੋਂ ਮਲਵਈ ਗਿੱਧਾ, ਸੀਨੀਅਰ ਸਿਟੀਜ਼ਨਾਂ (ਮਹਿਲਾਵਾਂ) ਵਲੋਂ ਗਿੱਧਾ, ਸੀ.ਐਮ.ਯੋਗਸ਼ਾਲਾ ਦੇ ਟ੍ਰੇਨਰਾਂ ਵਲੋਂ ਭੰਗੜਾ, ਸਕੂਲੀ ਬੱਚਿਆਂ ਦਾ ਭੰਗੜਾ ਅਤੇ ਡਰਾਇੰਗ ਮੁਕਾਬਲੇ ਆਦਿ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਸਬੀਰ ਕੌਰ ਨੇ ਦੱਸਿਆ ਕਿ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਵਿਸ਼ੇਸ਼ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ | ਜਿਸ ਤਹਿਤ ਪਹਿਲਾਂ ਮੈਡੀਕਲ ਕੈਂਪ ਸੀ.ਐਚ.ਸੀ. ਚਨਾਰਥਲ ਕਲ੍ਹਾਂ ਵਿਖੇ 2 ਮਾਰਚ ਨੂੰ , ਦੂਜਾ ਕੈਂਪ 3 ਨੂੰ ਐਸ.ਡੀ.ਐਚ ਮੰਡੀ ਗੋਬਿੰਦਗੜ੍ਹ, ਤੀਜਾ ਕੈਂਪ ਸੀ.ਐਚ.ਸੀ ਅਮਲੋਹ 5 ਨੂੰ , ਚੌਥਾ ਕੈਂਪ ਸੀ.ਐਚ.ਸੀ. ਬਸੀ ਪਠਾਣਾਂ ਵਿਖੇ 6 ਨੂੰ , ਪੰਜਵਾਂ ਕੈਂਪ ਸੀ.ਐਚ.ਸੀ ਖਮਾਣੋਂ 'ਚ 7 ਨੂੰ , ਛੇਵਾਂ ਕੈਂਪ ਸੀ.ਐਚ.ਸੀ. ਖੇੜਾ ਵਿਚ 9 ਨੂੰ ਅਤੇ ਆਖ਼ਰੀ ਮੈਡੀਕਲ ਕੈਂਪ 10 ਮਾਰਚ ਨੂੰ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਲੱਗੇਗਾ | ਉਨ੍ਹਾਂ ਬਜ਼ੁਰਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਸੀਨੀਅਰ ਸਿਟੀਜ਼ਨ ਰਾਮ ਨਾਥ ਸ਼ਰਮਾ, ਪ੍ਰੋ. ਅਸ਼ੋਕ ਸੂਦ, ਅਸ਼ੀਸ ਅੱਤਰੀ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |