ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਤਿਹਾਸਕ ਉਪਲੱਬਧੀਆਂ ਹਾਸਲ ਕੀਤੀਆਂ ਹਨ | ਸਰੀਰਕ ਸਿੱਖਿਆ ਤੇ ਖੇਡ ਟੈਕਨਾਲੋਜੀ ਵਿਭਾਗ ਦੇ ਐਮ.ਪੀ.ਐਡ. ਦੇ ਵਿਦਿਆਰਥੀ ਅੰਮਿ੍ਤਪਾਲ ਸਿੰਘ ਦੀ ਚੋਣ ਸੀਨੀਅਰ ਨੈਸ਼ਨਲ ਟੂਰਨਾਮੈਂਟ ਦੇ ਆਧਾਰ 'ਤੇ ਭਾਰਤੀ ਰਗਬੀ ਟੀਮ ਦੇ ਕੈਂਪ ਲਈ ਹੋਈ ਹੈ | ਇਹ ਉਪਲੱਬਧੀ ਉਸ ਦੀ ਲਗਾਤਾਰ ਮਿਹਨਤ, ਅਟੱਲ ਸੰਕਲਪ ਅਤੇ ਖੇਡ ਪ੍ਰਤੀ ਸਮਰਪਣ ਦਾ ਸਬੂਤ ਹੈ, ਜਿਸ ਨਾਲ ਉਸ ਨੇ ਨਾ ਸਿਰਫ਼ ਆਪਣੇ ਵਿਭਾਗ, ਸਗੋਂ ਪੂਰੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ | ਇਸੇ ਤਰ੍ਹਾਂ ਅਮਨਦੀਪ ਕੌਰ ਨੇ ਪੰਜਾਬ ਦੀ ਪਹਿਲੀ ਮਹਿਲਾ ਖਿਡਾਰਨ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ, ਜਿਸ ਨੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਰਗਬੀ ਟੀਮ ਦੀ ਨੁਮਾਇੰਦਗੀ ਕੀਤੀ | ਉਹ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੀ ਹੈ | ਫ਼ਤਹਿਗੜ੍ਹ ਸਾਹਿਬ ਦੇ ਪਿੰਡ ਧੀਰਪੁਰ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਏਸ਼ੀਆਈ ਰਗਬੀ ਐਮੀਰੇਟਸ ਲੀਗ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਉਪਲੱਬਧੀਆਂ ਪਿੱਛੇ ਕੋਚ ਸੰਦੀਪ ਕੁਮਾਰ ਦੀ ਲਗਨ, ਮਿਹਨਤ ਅਤੇ ਮਾਰਗਦਰਸ਼ਨ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਉੱਚ ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤਾ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਮਜ਼ਬੂਤ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਖਿਡਾਰੀਆਂ, ਕੋਚ ਅਤੇ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਯੂਨੀਵਰਸਿਟੀ ਵਿਚ ਖੇਡਾਂ ਦੀ ਉੱਚੀ ਪ੍ਰੰਪਰਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸ੍ਰੋਤ ਬਣਦੀਆਂ ਹਨ | ਉਨ੍ਹਾਂ ਵਿਸ਼ਵਾਸ ਜਿਤਾਇਆ ਕਿ ਭਵਿੱਖ ਵਿਚ ਯੂਨੀਵਰਸਿਟੀ ਦੇ ਖਿਡਾਰੀ ਦੇਸ਼ ਅਤੇ ਵਿਸ਼ਵ ਪੱਧਰ 'ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨਗੇ | ਇਹ ਸਫਲਤਾਵਾਂ ਨਾ ਸਿਰਫ਼ ਵਿਦਿਆਰਥੀਆਂ ਦੀ ਕਠੋਰ ਮਿਹਨਤ ਅਤੇ ਅਟੱਲ ਜਜ਼ਬੇ ਦਾ ਨਤੀਜਾ ਹਨ, ਸਗੋਂ ਯੂਨੀਵਰਸਿਟੀ ਵਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਅਤੇ ਉੱਚ ਪੱਧਰੀ ਸਹੂਲਤਾਂ ਦੀ ਵੀ ਝਲਕ ਪੇਸ਼ ਕਰਦੀਆਂ ਹਨ |