ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਉਦਯੋਗਿਕ ਲੋੜਾਂ ਅਨੁਸਾਰ ਤਿਆਰੀ ਰਾਹੀਂ ਆਪਣੀ ਵਿਲੱਖਣ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ | ਟੀਚੇ ਵਾਲੀਆਂ ਪਲੇਸਮੈਂਟ ਗਤੀਵਿਧੀਆਂ ਅਤੇ ਉਦਯੋਗ ਨਾਲ ਮਜ਼ਬੂਤ ਸਾਂਝ ਰਾਹੀਂ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਲਈ ਵਧੀਆ ਰੁਜ਼ਗਾਰ ਮੌਕੇ ਮੁਹੱਈਆ ਕਰਵਾ ਰਹੀ ਹੈ | ਹਾਲੀਆ ਪਲੇਸਮੈਂਟ ਮੁਹਿੰਮਾਂ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ ਹਨ | ਦਿਵਨੀਤ ਕੌਰ (ਬੀ.ਟੈਕ ਸੀ.ਐੱਸ.ਈ.) ਦੀ ਮੋਹਾਲੀ ਸਥਿਤ ਸਮਾਲ ਕਾਪਰ ਟੈਕਨੋਲੋਜੀਜ਼ 'ਚ 15 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਚੋਣ ਹੋਈ | ਗੁਰਸਿਮਰਨ ਕੌਰ (ਬੀ.ਟੈਕ ਸੀ.ਐੱਸ.ਈ.) ਨੂੰ ਨੋਇਡਾ ਦੀ ਪ੍ਰੋਡੈਸਕ ਆਈ.ਟੀ. ਵਲੋਂ 10 ਲੱਖ ਰੁਪਏ ਸਾਲਾਨਾ ਪੈਕੇਜ ਦੀ ਪੇਸ਼ਕਸ਼ ਮਿਲੀ | ਸਾਹਿਬਜੋਤ ਸਿੰਘ (ਬੀ.ਟੈਕ. ਸੀ.ਐੱਸ.ਈ.) ਅਤੇ ਸਿਮਰਨ ਕੌਰ (ਬੀ.ਬੀ.ਏ) ਨੂੰ ਲੁਧਿਆਣਾ ਦੀ ਸਕਿਲਕਾਰਟ ਕੰਪਨੀ ਨੇ 9 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਨਿਯੁਕਤ ਕੀਤਾ | ਜਸ਼ਨਪ੍ਰੀਤ ਸਿੰਘ (ਬੀ.ਟੈਕ ਸੀ.ਐੱਸ.ਈ.) ਦੀ ਸੋਪਰਾ ਸਟੀਰੀਆ ਇੰਡੀਆ 'ਚ 6 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਚੋਣ ਹੋਈ, ਜਦਕਿ ਗੁਰਸ਼ਰਨ ਕੌਰ ਗਿੱਲ (ਬੀ.ਬੀ.ਏ) ਅਤੇ ਜਸਮੀਨ ਕੌਰ (ਬੀ.ਬੀ.ਏ.) ਨੂੰ ਲਰਨਿੰਗ ਰੂਟਸ, ਨੋਇਡਾ 'ਚ 6 ਲੱਖ ਰੁਪਏ ਸਾਲਾਨਾ ਪੈਕੇਜ ਪ੍ਰਾਪਤ ਹੋਇਆ | ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਦੀ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚ 5 ਲੱਖ ਰੁਪਏ ਸਾਲਾਨਾ ਪੈਕੇਜ 'ਤੇ ਚੋਣ ਹੋਈ ਹੈ | ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਯੋਗਤਾ ਦਾ ਪ੍ਰਤੀਕ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉੱਚ ਗੁਣਵੱਤਾ ਵਾਲੀ ਸਿਖਿਆ ਨੂੰ ਸਨਅਤੀ ਅਨੁਭਵ ਨਾਲ ਜੋੜ ਕੇ ਚਲਾ ਰਹੀ ਹੈ | ਅੱਜ ਦੇ ਮੁਕਾਬਲੇ ਭਰੇ ਸਮੇਂ ਵਿੱਚ ਹੁਨਰ ਵਿਕਾਸ, ਨਵਚੇਤਨਾ ਅਤੇ ਸਨਅਤੀ ਲੋੜਾਂ ਅਨੁਸਾਰ ਸਿੱਖਿਆ ਵਿਦਿਆਰਥੀਆਂ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹਨ | ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੀ ਇੰਚਾਰਜ ਡਾ. ਕਮਲਜੀਤ ਕੌਰ ਨੇ ਵੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸੈੱਲ ਵਲੋਂ ਪ੍ਰਸਿੱਧ ਕੰਪਨੀਆਂ ਅਤੇ ਬਹੁ-ਰਾਸ਼ਟਰੀ ਸੰਸਥਾਵਾਂ ਨਾਲ ਲਗਾਤਾਰ ਸਾਂਝ ਵਧਾਈ ਜਾ ਰਹੀ ਹੈ, ਤਾਂ ਜੋ ਵਿਦਿਆਰਥੀਆਂ ਲਈ ਹੋਰ ਵਧੀਆ ਰੁਜ਼ਗਾਰ ਮੌਕੇ ਉਪਲਬਧ ਕਰਵਾਏ ਜਾ ਸਕਣ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਨਅਤੀ ਲੋੜਾਂ ਅਨੁਸਾਰ ਤਿਆਰ ਕਰਨ ਲਈ ਨਿਯਮਿਤ ਤੌਰ 'ਤੇ ਤਕਨੀਕੀ ਵਰਕਸ਼ਾਪਾਂ, ਵਿਅਕਤੀਗਤ ਵਿਕਾਸ ਕਾਰਜਕ੍ਰਮ, ਮਾਕ ਇੰਟਰਵਿਊ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ |