ਖਮਾਣੋਂ, 17 ਮਈ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਮੈਂਬਰਾਂ ਵੱਲੋਂ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਨਿਖੇਧੀ ਕੀਤੀ ਕਿਉਂਕਿ ਹੁਣ ਸਰਕਾਰ ਵਲੋਂ ਪਹਿਲਾਂ ਦਾਇਰ ਐਲ.ਪੀ.ਏ. ਨੰ. 1249 ਆਫ਼ 2026 ਤੋਂ ਇਲਾਵਾ ਦੂਸਰੇ ਕੇਸ ਰਾਹੀਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਦੀ ਅਦਾਇਗੀ 30-6-2026 ਤੱਕ ਅਦਾ ਕਰਨ ਸਬੰਧੀ ਹੁਕਮ ਮਿਤੀ 8-4-2026 ਵਿਰੁੱਧ ਐਲ.ਪੀ.ਏ. ਦਾਇਰ ਕੀਤੀ ਗਈ ਹੈ | ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਿਵੇਂ ਸਰਕਾਰ ਜਾਇਜ਼ ਮੰਗਾਂ ਬਾਰੇ ਪਾਸ ਹੁਕਮਾਂ ਨੂੰ ਲਾਗੂ ਕਰਨ ਦੀ ਥਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹਰ ਪੈਨਸ਼ਨਰ ਅਤੇ ਫੈਮਲੀ ਪੈਨਸ਼ਨਰ ਨੂੰ ਪੈਨਸ਼ਨ ਸੇਵਾ ਪੋਰਟਲ ਵਿਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ ਪਰ ਵਡੇਰੀ ਉਮਰ ਵਿਚਲੀਆਂ ਬਿਮਾਰੀਆਂ ਜਾਂ ਅਪਾਹਜਤਾ ਨਾਲ ਜੂਝਦੇ ਜਾਂ ਅਗਾਂਹਵਧੂ ਟੈਕਨੌਲੋਜੀ ਤੋਂ ਅਣਜਾਣ ਪੈਨਸ਼ਨਰ ਅਜੇ ਤੱਕ ਡਿਜੀਟਲ ਤਰੀਕੇ ਰਾਹੀਂ ਅਜਿਹਾ ਨਹੀਂ ਕਰ ਸਕੇ, ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਪੈਨਸ਼ਨ ਪ੍ਰਾਪਤੀ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਨ੍ਹਾਂ ਹਾਲਤਾਂ ਵਿਚ ਸਰਕਾਰ ਨੂੰ ਉਨ੍ਹਾਂ ਤੱਕ ਨਿੱਜੀ ਪਹੁੰਚ ਕਰਕੇ ਰਜਿਸਟਰੇਸ਼ਨ ਕਰਾਉਣ ਲਈ ਸੰਜੀਦਗੀ ਨਾਲ ਕਾਰਗਰ ਉਪਾਅ ਕਰਨੇ ਚਾਹੀਦੇ ਹਨ | ਸਾਰੇ ਪੈਨਸ਼ਨਰਾਂ ਨੂੰ ਦੱਸਿਆ ਗਿਆ ਕਿ ਜਿਨ੍ਹਾਂ ਦਾ ਐਲ.ਟੀ.ਏ. ਮਹੀਨਾ ਜੁਲਾਈ ਵਿਚ ਡਿਊ ਹੈ ਉਹ ਸਰਕਾਰ ਵਲੋਂ ਜਾਰੀ ਹਦਾਇਤਾਂ ਰਾਹੀਂ ਲਾਜ਼ਮੀ ਕੀਤੇ ਅਨੁਸਾਰ ਪੈਨਸ਼ਨ ਸੇਵਾ ਪੋਰਟਲ ਵਿਚ ਜਾ ਕੇ ਆਨਲਾਈਨ ਅਪਲਾਈ ਕਰ ਦੇਣ ਤਾਂ ਜੋ ਇਹ ਅਦਾਇਗੀ ਉਨ੍ਹਾਂ ਨੂੰ ਸਮੇਂ ਸਿਰ ਮਿਲ ਸਕੇ | ਅਖੀਰ ਵਿਚ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਦੀ ਅਪੀਲ ਵੀ ਕੀਤੀ ਗਈ | ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਪ੍ਰੀਤਮ ਸਿੰਘ ਬਾਜਵਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘਾ, ਕਰਤਾਰ ਸਿੰਘ ਜਟਾਣਾ, ਹਰਦਮ ਸਿੰਘ ਜਟਾਣਾ, ਜਰਨੈਲ ਸਿੰਘ ਮਨੈਲਾ, ਅਜਮੇਰ ਸਿੰਘ ਮਨੈਲੀ, ਗੁਰਚਰਨ ਸਿੰਘ ਫਰੌਰ, ਅਵਤਾਰ ਸਿੰਘ ਚੋਪੜਾ, ਨਛੱਤਰ ਸਿੰਘ, ਸੁਖਦੇਵ ਸਿੰਘ ਕੰਗ, ਤਾਰਾ ਸਿੰਘ, ਲਾਭ ਸਿੰਘ ਘਮਾਣ ਅਤੇ ਸੁਭਾਸ਼ ਚੰਦਰ ਜੈਨ ਹਾਜ਼ਰ ਸਨ |