ਫ਼ਤਹਿਗੜ੍ਹ ਸਾਹਿਬ-ਬਲਵਿੰਦਰ ਕੌਰ ਦਾ ਜਨਮ ਪਿਤਾ ਸੁਰਜਨ ਸਿੰਘ ਦੇ ਘਰ ਮਾਤਾ ਗੁਰਨਾਮ ਕੌਰ ਦੀ ਕੁੱਖੋਂ 8 ਜੂਨ 1947 ਨੂੰ ਪਿੰਡ ਗੋਹ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ | ਆਪ ਨੇ ਪ੍ਰਾਇਮਰੀ ਤੱਕ ਵਿੱਦਿਆ ਹਾਸਿਲ ਕੀਤੀ | ਆਪ ਦਾ ਵਿਆਹ 1964 'ਚ ਤੇਜਾ ਸਿੰਘ ਸਪੁੱਤਰ ਜੀਵਾ ਸਿੰਘ, ਮਤਵੰਨਾ ਸੁੰਦਰ ਸਿੰਘ ਨੰਬਰਦਾਰ ਵਾਸੀ ਪਿੰਡ ਲੋਹਾਰ ਮਾਜਰਾ ਕਲਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਹੋਇਆ | ਜਿਨ੍ਹਾਂ ਦੇ ਘਰ 2 ਸਪੁੱਤਰਾਂ ਪਰਮਿੰਦਰ ਸਿੰਘ ਤੇ ਮਨਜੀਤ ਸਿੰਘ ਅਤੇ ਬੇਟੀ ਜਗਜੀਤ ਕੌਰ ਨੇ ਜਨਮ ਲਿਆ | ਮਾਤਾ ਬਲਵਿੰਦਰ ਕੌਰ ਨੇ ਜਿਥੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਇਆ ਅਤੇ ਪਰਿਵਾਰ ਨੂੰ ਰਿਸ਼ਤਿਆਂ ਦੀ ਇਕ ਮਾਲਾ ਵਿਚ ਪਰੋ ਕੇ ਰੱਖਿਆ, ਉੱਥੇ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ | ਜਿਸ ਦੀ ਬਦੌਲਤ ਡਾ. ਮਨਜੀਤ ਸਿੰਘ (ਨਵਜੋਤ ਕਲੀਨਿਕ) ਨੰਬਰਦਾਰ ਡਾਕਟਰੀ ਪੇਸ਼ੇ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵਜੋਂ ਰਾਜਨੀਤਕ ਖੇਤਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਚੈਰੀਬੇਟਲ ਸੁਸਾਇਟੀ ਦੇ ਜ਼ਿਲ੍ਹਾ ਖ਼ਜ਼ਾਨਚੀ ਵਜੋਂ ਧਾਰਮਿਕ ਜ਼ਿੰਮੇਵਾਰੀਆਂ ਨੂੰ ਸਮਰਪਿਤ ਭਾਵਨਾ ਨਾਲ ਨਿਭਾਅ ਰਹੇ ਹਨ | ਮਾਤਾ ਬਲਵਿੰਦਰ ਕੌਰ ਦੀ ਫੁਲਵਾੜੀ ਦੇ ਫੁੱਲ ਪੋਤੇ, ਪੋਤੀਆਂ ਵਿਦੇਸ਼ ਦੀ ਧਰਤੀ ਕੈਨੇਡਾ 'ਚ ਚੰਗੇ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਪਰਿਵਾਰ ਦਾ ਨਾਂਅ ਰੌਸ਼ਨ ਕਰ ਰਹੇ ਹਨ | ਮਾਤਾ ਬਲਵਿੰਦਰ ਕੌਰ 10 ਮਈ ਨੂੰ ਸੰਖੇਪ ਜਿਹੀ ਬਿਮਾਰੀ ਕਾਰਨ ਇਸ ਫ਼ਾਨੀ ਸੰਸਾਰ ਨੂੰ ਸਦਾ ਦੇ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਿਤੀ 19 ਮਈ ਨੂੰ ਗੁਰਦੁਆਰਾ ਕਲਗ਼ੀਧਰ ਸਾਹਿਬ ਪਿੰਡ ਲੋਹਾਰ ਮਾਜਰਾ ਕਲਾਂ (ਫ਼ਤਹਿਗੜ੍ਹ ਸਾਹਿਬ) ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ |