01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੰਡੀ ਗੋਬਿੰਦਗੜ੍ਹ 'ਚ ਚੋਣਾਂ ਦਾ ਮਾਹੌਲ ਭਖਿਆ, ਉਮੀਦਵਾਰਾਂ ਦੀ ਸੂਚੀ 'ਚ ਦੇਰੀ ਕਾਰਨ ਭਖੀ ਸਿਆਸਤ

ਅਜੀਤ ਡੈਸਕ 19-05-2026
ਅਮਲੋਹ, 18 ਮਈ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀਆਂ 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਹੀ ਹਲਕਾ ਅਮਲੋਹ ਦੀ ਸਿਆਸਤ ਪੂਰੀ ਤਰ੍ਹਾਂ ਤਲਖ਼ ਹੋ ਗਈ ਹੈ | ਅੱਜ ਸਾਢੇ ਸੱਤ ਵਜੇ ਤੱਕ ਚੋਣ ਲੜਨ ਲਈ ਸਹੀ ਪਾਏ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਐਸ. ਡੀ. ਐਮ. ਦਫ਼ਤਰ ਅਮਲੋਹ ਵਿਖੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਪ੍ਰਸ਼ਾਸਨ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਧਰਨਾ ਦਿੱਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਹ ਧਰਨਾ ਖ਼ਬਰ ਲਿਖੇ ਜਾਣ ਤੱਕ ਲਗਾਤਾਰ ਜਾਰੀ ਸੀ | ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਜਪਾ ਆਗੂ ਪ੍ਰਦੀਪ ਕੁਮਾਰ ਗਰਗ, ਕੰਵਰਜੀਤ ਸਿੰਘ ਟੌਹੜਾ ਅਤੇ ਦੇਵੀ ਦਿਆਲ ਪਰਾਸ਼ਰ ਸਮੇਤ ਹੋਰ ਆਗੂਆਂ ਨੇ ਪ੍ਰਸ਼ਾਸਨ 'ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਕੰਮ ਕਰਨ ਦੇ ਗੰਭੀਰ ਦੋਸ਼ ਲਗਾਏ | ਇਨ੍ਹਾਂ ਸਾਰੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਵਿਧਾਇਕ ਗੈਰੀ ਬੜਿੰਗ 'ਤੇ ਸਿੱਧੇ ਤੌਰ 'ਤੇ ਧੱਕੇਸ਼ਾਹੀ ਕਰ ਰਹੇ ਹਨ | ਧਰਨਾਕਾਰੀ ਆਗੂਆਂ ਨੇ ਕਿਹਾ ਕਿ ਅੱਜ ਕਾਗ਼ਜ਼ਾਂ 'ਤੇ ਇਤਰਾਜ਼ ਜਿਤਾਉਣ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਨਿਸ਼ਚਿਤ ਸੀ, ਪਰ ਪ੍ਰਸ਼ਾਸਨ ਸੱਤਾਧਾਰੀ ਧਿਰ ਦੀ ਕਥਿਤ ਸ਼ਹਿ ਅਤੇ ਸਿਆਸੀ ਦਬਾਅ ਹੇਠ ਸ਼ਾਮ ਸਾਢੇ ਸੱਤ ਵਜੇ ਤੱਕ ਵੀ ਸਹੀ ਜਾਂ ਰੱਦ ਕੀਤੇ ਕਾਗ਼ਜ਼ਾਂ ਦੀ ਸੂਚੀ ਨੋਟਿਸ ਬੋਰਡ 'ਤੇ ਨਹੀਂ ਲਗਾ ਸਕਿਆ, ਜਿਸ ਕਾਰਨ ਸਮੁੱਚੀਆਂ ਵਿਰੋਧੀ ਪਾਰਟੀਆਂ ਨੂੰ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ | ਦੂਜੇ ਪਾਸੇ, ਵਿਰੋਧੀ ਧਿਰਾਂ ਦੇ ਇਨ੍ਹਾਂ ਤਿੱਖੇ ਦੋਸ਼ਾਂ ਦਾ ਜਵਾਬ ਦਿੰਦਿਆਂ ਹਲਕਾ ਵਿਧਾਇਕ ਗੈਰੀ ਬੜਿੰਗ ਨੇ ਸਰਕਾਰੀ ਪੱਖ ਸਾਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਉਮੀਦਵਾਰ ਦੇ ਕਾਗ਼ਜ਼ ਰੱਦ ਕਰਵਾਉਣ ਦੀ ਕੋਈ ਮਨਸ਼ਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਉਮੀਦਵਾਰ ਜਾਂ ਪਾਰਟੀ ਵਲੋਂ ਕਿਸੇ ਵਿਰੋਧੀ ਉਮੀਦਵਾਰ ਦੇ ਕਾਗ਼ਜ਼ਾਂ ਉੱਪਰ ਕੋਈ ਇਤਰਾਜ਼ ਜਿਤਾਇਆ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਅਸਲ 'ਚ ਭਾਜਪਾ ਵਲੋਂ ਕਾਂਗਰਸ ਦੇ ਉਮੀਦਵਾਰਾਂ 'ਤੇ, ਕਾਂਗਰਸ ਵਲੋਂ ਭਾਜਪਾ ਦੇ ਉਮੀਦਵਾਰਾਂ 'ਤੇ ਅਤੇ ਇਸੇ ਤਰ੍ਹਾਂ ਅਕਾਲੀ ਦਲ ਤੇ ਹੋਰਨਾਂ ਪਾਰਟੀਆਂ ਵਲੋਂ ਇਕ-ਦੂਜੇ ਦੇ ਉਮੀਦਵਾਰਾਂ ਖ਼ਿਲਾਫ਼ ਆਪਸੀ ਵਿਰੋਧ ਤੇ ਇਤਰਾਜ਼ ਦਰਜ ਕਰਵਾਏ ਗਏ ਹਨ, ਜਿਸ ਕਾਰਨ ਪ੍ਰਸ਼ਾਸਨ ਵਲੋਂ ਇਨ੍ਹਾਂ ਇਤਰਾਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ | ਇਸੇ ਕਾਨੂੰਨੀ ਪ੍ਰਕਿਰਿਆ ਕਾਰਨ ਲਿਸਟ ਲਗਾਉਣ ਵਿਚ ਸਮਾਂ ਲੱਗ ਰਿਹਾ ਹੈ, ਇਸ ਲਈ ਸਰਕਾਰ 'ਤੇ ਲਗਾਏ ਜਾ ਰਹੇ ਧੱਕੇਸ਼ਾਹੀ ਦੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ |
ਪਿਛਲੀ ਖ਼ਬਰ ਵਿਧਾਇਕਾ ਗਨੀਵ ਕੌਰ ਮਜੀਠੀਆ ਨੂੰ ਡੀ.ਐਸ.ਪੀ. ਵਲੋਂ ਰੋਕਣ 'ਤੇ ਭੜਕਿਆ ਵਿਵਾਦ ਅਗਲੀ ਖ਼ਬਰ ਕਾਂਗਰਸ ਆਗੂ ਭਜਨ ਸਿੰਘ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।