ਪਟਿਆਲਾ, 19 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਨਿਊ ਲਾਲ ਬਾਗ ਪੀ.ਜੀ. 'ਚ ਰਹਿੰਦੇ ਮੈਡੀਕਲ ਕਾਲਜ ਪਟਿਆਲਾ 'ਚ ਐਮ.ਬੀ.ਬੀ.ਐਸ. ਕਰ ਰਹੇ ਦੇ ਕਮਲਦੀਪ ਦੇ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿਚ ਹਾਲੇ ਤੱਕ ਕਿਸੇ ਵੀ ਮੁਲਜਮ ਦੀ ਗਿ੍ਫ਼ਤਾਰੀ ਨਹੀਂ ਹੋਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਦੇ ਪਿਤਾ ਮਹਿੰਦਰਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੇ ਲੜਕੇ ਦੀ ਮੌਤ ਹੋਈ ਨੂੰ 30 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਪੁਲਿਸ ਵਲੋਂ ਹਾਲੇ ਤੱਕ ਮੁਲਜਮ ਨਹੀਂ ਫੜਿਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ | ਇਸ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਖਤ ਤੋਂ ਸਜਾ ਦਿੱਤੀ ਜਾਵੇ | ਪੁਲਿਸ ਵਲੋਂ ਕਮਲਦੀਪ ਦਾ ਰਾਜਿੰਦਰਾ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਉਸ ਦੀ ਮਿ੍ਤਕ ਦੇਹ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ | ਮਾਪਿਆਂ ਦਾ ਕਹਿਣਾ ਸੀ ਕਿ ਕਮਲਦੀਪ ਦਾ 17 ਮਈ ਨੂੰ ਰਾਤੀ ਪੌਣੇ ਦਸ ਵਜੇ ਫੋਨ ਆਇਆ ਕਿ ਉਸ ਦਾ ਦੋਸਤ ਮੋਹਿਤ ਵਰਮਾ ਆਇਆ ਹੋਇਆ ਹੈ ਉਹ ਰਾਤ ਉਸ ਨਾਲ ਹੀ ਰਹੇਗਾ | ਇਸ ਤੋਂ ਬਾਅਦ 18 ਮਈ ਨੂੰ ਸਵਾ 6 ਵਜੇ ਕਮਲਦੀਪ ਦਾ ਫੋਨ ਆਇਆ ਕਿ ਉਹ ਉੱਠ ਹੋ ਗਿਆ ਹੈ ਤੇ ਤਿਆਰ ਹੋ ਕੇ ਕਾਲਜ ਜਾਵੇਗਾ | ਜਦੋਂ ਸ਼ਾਮ ਤੱਕ ਕਮਲਦੀਪ ਦਾ ਫੋਨ ਨਹੀਂ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੋਹਿਤ ਵਰਮਾ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਮੋਹਿਤ ਆਪਣੇ ਘਰ ਆ ਗਿਆ ਹੈ | ਜਦੋਂ ਬਾਅਦ ਵਿਚ ਮੋਹਿਤ ਵਰਮਾ ਉਨ੍ਹਾਂ ਦੇ ਘਰ ਆਇਆ ਤਾਂ ਉਸ ਦੇ ਹੱਥਾਂ ਉੱਤੇ ਪੱਟੀਆਂ ਬੰਨੀਆਂ ਹੋਈਆਂ ਸਨ ਜਦੋਂ ਉਸ ਨੂੰ ਇਨ੍ਹਾਂ ਪੱਟੀਆਂ ਬਾਰੇ ਪੁੱਛਿਆ ਗਿਆ ਤਾਂ ਮੋਹਿਤ ਨੇ ਦੱਸਿਆ ਕਿ ਉਸ ਦਾ ਕਿਸੇ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸ ਦੇ ਸੱਟਾਂ ਲੱਗੀਆਂ ਹਨ | ਜਦੋਂ ਉਨ੍ਹਾਂ ਮੋਹਿਤ ਤੋਂ ਕਮਲਦੀਪ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਤਾਂ ਸਵੇਰੇ ਹੀ ਆਪਣੇ ਘਰ ਆ ਗਿਆ ਸੀ | ਸ਼ੱਕ ਪੈਣ 'ਤੇ ਕਮਲਦੀਪ ਦੇ ਪਿਤਾ ਮਹਿੰਦਰਪਾਲ ਬਰੇਟਾ ਤੋਂ ਪਟਿਆਲਾ ਆਏ ਜਦੋਂ ਉਹ ਪੀਜੀ ਵਿਚ ਪਹੁੰਚੇ ਤਾਂ ਕਮਲਦੀਪ ਦੀ ਲਾਸ਼ ਕਮਰੇ ਵਿਚ ਖੂਨ ਨਾਲ ਲੱਥ ਪੱਥ ਹੋਈ ਪਈ ਸੀ | ਇਸ ਸੰਬੰਧੀ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਮਹਿੰਦਰਪਾਲ ਦੀ ਸ਼ਿਕਾਇਤ ਉਤੇ ਮੋਹਿਤ ਵਰਮਾ ਵਾਸੀ ਜ਼ਿਲ੍ਹਾ ਮਾਨਸਾ ਖਿਲਾਫ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਮੁਲਜਮ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ ਜਲਦ ਹੀ ਮੁਲਜਮ ਸਲਾਖ਼ਾਂ ਦੇ ਪਿੱਛੇ ਹੋਣਗੇ |