ਸਮਾਣਾ, 19 ਮਈ (ਹਰਵਿੰਦਰ ਸਿੰਘ ਟੋਨੀ)-ਸਮਾਣਾ ਸ਼ਹਿਰ ਵਿਚ ਕਰਿਆਨੇ ਦੀਆਂ ਦੁਕਾਨਾਂ ਵਾਂਗ ਸੱਟਾ ਲਾਉਣ ਲਈ ਸ਼ਰੇਆਮ 11 ਵਜੇ ਦੀ ਕਰੀਬ ਦੁਕਾਨਾਂ ਖੁੱਲ੍ਹੀਆਂ ਪਈਆਂ ਹਨ | ਜਿਸ ਹਿਸਾਬ ਨਾਲ ਦੁਕਾਨਾਂ ਸ਼ਰੇਆਮ ਚੱਲ ਰਹੀਆਂ ਹਨ, ਨੂੰ ਦੇਖਿਆ ਜਾਪਦਾ ਹੈ ਕਿ ਸੱਟਾ ਲਵਾਉਣ ਵਾਲੇ ਖਾਈਵਾਲਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਮਿਲੀਭੁਗਤ ਹੈ ਕਿਉਂਕਿ ਖਾਈਵਾਲ ਆਮ ਕਹਿੰਦੇ ਸੁਣਦੇ ਹਨ ਕਿ ਉਨ੍ਹਾਂ ਦੀ ਉੱਪਰਲੇ ਉੱਚ ਅਧਿਕਾਰੀਆਂ ਤੱਕ ਪਹੁੰਚ ਹੈ | ਜਿਸ ਕਾਰਨ ਉਨ੍ਹਾਂ ਨੂੰ ਨੱਥ ਪਾਉਣ ਦੀ ਕੋਈ ਹਿੰਮਤ ਨਹੀਂ ਰੱਖਦਾ | ਸੂਤਰਾਂ ਅਨੁਸਾਰ ਸਥਾਨਕ ਬੱਸ ਅੱਡੇ ਨੇੜੇ ਮਹਿਜ਼ ਕੁਝ ਗਜ ਦੀ ਦੂਰੀ 'ਤੇ ਸਥਿਤ ਸੀ.ਆਈ.ਏ. ਸਟਾਫ਼ ਨੇੜੇ ਸੱਟੇ ਦੀ ਦੁਕਾਨ 'ਤੇ ਸੱਟਾ ਲਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ | ਜਿਨ੍ਹਾਂ ਵਿਚ ਜ਼ਿਆਦਾਤਰ ਗਰੀਬ ਮਜ਼ਦੂਰਾਂ ਦੀ ਗਿਣਤੀ ਹੁੰਦੀ ਹੈ ਜੋ 1 ਰੁਪਏ ਦੇ 90 ਬਣਨ ਦੇ ਲਾਲਚ ਵਸ ਸਾਰੇ ਦਿਨ ਦੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਪਲਾਂ ਵਿਚ ਹੀ ਉਜਾੜ ਕੇ ਤੁਰਦੇ ਬਣਦੇ ਹਨ ਤੇ ਭਾਵੇਂ ਉਨ੍ਹਾਂ ਦੇ ਜੁਆਕ ਭੁੱਖ ਨਾਲ ਰੋਂਦੇ ਵਿਲਕਦੇ ਰਹਿਣ | ਸੱਟਾ ਲਾਉਣ ਵਾਲੀਆਂ ਇਨ੍ਹਾਂ ਦੁਕਾਨਾਂ 'ਤੇ ਲਾਟਰੀ, ਮੰਗ ਪੱਤਾ ਤੇ ਮਾਸਾਕਲੀ ਸਮੇਤ ਕਈ ਗੇਮਾਂ ਸ਼ਰੇਆਮ ਰਾਤ ਦੇ ਕਰੀਬ 12 ਵਜੇ ਤੱਕ ਚੱਲਦੀਆਂ ਹਨ | ਜਿਨ੍ਹਾਂ ਕਾਰਨ ਭਾਰੀ ਗਿਣਤੀ 'ਚ ਲੋਕ ਆਪਣੀ ਆਰਥਿਕ ਲੁੱਟ ਕਰਵਾਉਣ ਉਪਰੰਤ ਹੱਥ ਮਲਦਿਆਂ ਤੁਰਦੇ ਬਣਦੇ ਹਨ ਤੇ ਕਈ ਲੋਕ ਰੁਪਏ ਖ਼ਤਮ ਹੋਣ ਦੀ ਸੁਰਤ ਵਿਚ ਆਪਣੇ ਵਾਹਨਾਂ ਸਮੇਤ ਕੀਮਤੀ ਸਾਮਾਨ ਅੱਧ ਮੁੱਲ 'ਚ ਵੇਚ ਜਾਂਦੇ ਹਨ | ਸੂਤਰਾਂ ਮੁਤਾਬਿਕ ਇਨ੍ਹਾਂ ਸੱਟੇ ਦੇ ਖਾਈਵਾਲਾਂ ਵਲੋਂ ਪਿੰਡਾਂ ਵਿਚ ਵੀ ਆਪਣੇ ਬੰਦੇ ਰੱਖੇ ਹੋਏ ਹਨ ਜੋ ਇਨ੍ਹਾਂ ਨੂੰ ਰੁਪਏ ਸਮੇਤ ਪਰਚੀ ਪਹੁੰਚ ਕਰ ਦਿੰਦੇ ਹਨ ਤੇ ਇਵਜ਼ ਵਿਚ ਉਨ੍ਹਾਂ ਨੂੰ ਕਮਿਸ਼ਨ ਮਿਲਦੀ ਹੈ | ਜਦੋਂ ਇਸ ਮਾਮਲੇ ਸੰਬੰਧੀ ਥਾਣਾ ਸ਼ਹਿਰ ਦੇ ਮੁੱਖ ਅਫ਼ਸਰ ਬਲਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫ਼ੋਨ ਨਹੀਂ ਚੁੱਕਿਆ |