ਬਨੂੜ, 19 ਮਈ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਦੀ 26 ਮਈ ਨੂੰ ਹੋਣ ਜਾ ਰਹੀ ਚੋਣ ਲਈ ਕੁਲ 40 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਹੁਣ ਤਕ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ ਗਈ ਹੈ | ਰਿਟਰਨਿੰਗ ਅਫ਼ਸਰ ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ 13 ਵਾਰਡਾਂ ਲਈ 56 ਨਾਮਜ਼ਦਗੀਆਂ ਦਾਖਲ ਕੀਤੀਆ ਗਈਆ ਸਨ | ਜਿਨ੍ਹਾਂ ਵਿਚੋਂ ਦੋ ਕਵਰਿੰਗ ਉਮੀਦਵਾਰਾਂ ਦੇ ਪੇਪਰ ਰੱਦ ਹੋ ਗਏ ਸਨ | ਅੱਜ ਨਾਮਜ਼ਦਗੀਆਂ ਵਾਪਸ ਲੈਣ ਮੌਕੇ ਵਾਰਡ ਨੰ. 12 ਤੋਂ ਇਕ ਆਜ਼ਾਦ ਉਮੀਦਵਾਰ ਸਮੇਤ 14 ਉਮੀਦਵਾਰਾਂ ਨੇ ਆਪਣੇ ਪੇਪਰ ਵਾਪਸ ਲੈ ਲਏ ਹਨ | ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ਵਿਚ ਹੁਣ 40 ਉਮੀਦਵਾਰਾਂ ਰਹਿ ਗਏ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਸਾਰੇ ਵਾਰਡਾਂ ਤੋਂ ਚੋਣ ਲੜ ਰਹੀਆਂ ਹਨ, ਜਦਕਿ ਬੀਜੇਪੀ ਵਲੋਂ ਵਾਰਡ ਨੰ. 1, 4, 5, 7, 8, 10, 12 ਤੇ 13 ਸਮੇਤ ਅੱਠ ਵਾਰਡਾਂ ਤੋਂ ਕਿਸਮ ਅਜ਼ਮਾ ਰਹੇ ਹਨ | ਅਕਾਲੀ ਦਲ ਵਾਰਡ ਨੰ. 2, 7, 10, 11 ਤੇ 12 ਸਮੇਤ ਪੰਜ ਵਾਰਡਾਂ ਤੋਂ ਉਮੀਦਵਾਰ ਉਤਾਰੇ ਗਏ ਹਨ | ਇਸੇ ਤਰ੍ਹਾਂ ਉਮੀਦਵਾਰ ਜਸਵੀਰ ਕੌਰ ਪਤਨੀ ਦਰਸ਼ਨ ਸਿੰਘ ਵਾਰਡ ਨੰ. 13 ਤੋਂ ਆਜ਼ਾਦ ਤੋਰ 'ਤੇ ਚੋਣ ਲੜ ਰਹੇ ਹਨ | ਕਈ ਉਮੀਦਵਾਰਾਂ ਨੇ ਆਪੋ-ਆਪਣੇ ਦਫ਼ਤਰ ਖ਼ੋਲ ਕੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ |