ਦੇਵੀਗੜ੍ਹ, 19 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਸਿਆਸੀ ਖੇਤਰ ਵਿਚ ਉਸ ਵੇਲੇ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਪਿੰਡ ਤਾਜਲਪੁਰ ਦੇ ਵੱਡੀ ਗਿਣਤੀ ਵਿਚ ਵਾਸੀਆਂ ਨੇ ਵਿਰੋਧੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਰਣਜੋਧ ਹਡਾਣਾ ਦੇ ਹੱਕ ਵਿਚ ਨਿੱਤਰਣ ਦਾ ਐਲਾਨ ਕਰ ਦਿੱਤਾ | ਪਿੰਡ ਵਾਸੀਆਂ ਵਲੋਂ ਕੀਤੀ ਵੱਡੀ ਸ਼ਮੂਲੀਅਤ ਕਾਰਨ ਹਲਕੇ ਦੇ ਸਿਆਸੀ ਸਮੀਕਰਨ ਪੂਰੀ ਤਰਾਂ ਬਦਲਦੇ ਨਜ਼ਰ ਆ ਰਹੇ ਹਨ, ਜਿਸ ਨਾਲ ਵਿਰੋਧੀ ਖੇਮਿਆਂ ਵਿਚ ਵੀ ਹਲਚਲ ਤੇਜ ਹੋ ਗਈ ਹੈ | ਇਸ ਸੰਬੰਧੀ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਹਲਕੇ ਦੇ ਸੀਨੀਅਰ ਆਗੂ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ ਅਤੇ ਰਣਜੋਧ ਹਡਾਣਾ ਦੇ ਪੀ.ਏ. ਲਾਲੀ ਰਹਿਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨਾਂ ਨੇ ਪਿੰਡ ਤਾਜਲਪੁਰ ਤੋਂ ਆਏ ਸਾਰੇ ਪਿੰਡ ਵਾਸੀਆਂ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਲ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ ਅਤੇ ਲਾਲੀ ਰਹਿਲ ਨੇ ਕਿਹਾ ਕਿ ਪਿੰਡ ਤਾਜਲਪੁਰ ਦੇ ਨਿਵਾਸੀਆਂ ਵਲੋਂ ਰਣਜੋਧ ਹਡਾਣਾ ਦੇ ਹੱਕ ਵਿਚ ਲਿਆ ਗਿਆ ਇਹ ਫ਼ੈਸਲਾ ਇਤਿਹਾਸਕ ਹੈ | ਇਸ ਵੱਡੀ ਸ਼ਮੂਲੀਅਤ ਨਾਲ ਹਲਕੇ ਅੰਦਰ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਦਾ ਗਰਾਫ਼ ਹੋਰ ਉੱਚਾ ਜਾਵੇਗਾ |