ਮੰਡੀ ਗੋਬਿੰਦਗੜ੍ਹ, 19 ਮਈ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਮੰਡੀ ਗੋਬਿੰਦਗੜ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਵਿਰੋਧੀ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਬਾਹਰ ਕਰਨ ਲਈ ਸੋਚੀ-ਸਮਝੀ ਸਾਜ਼ਿਸ਼ ਰਚੀ ਗਈ ਹੈ | ਰਾਜੂ ਖੰਨਾ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ. 9 ਅਤੇ 28 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਣਬੁੱਝ ਕੇ ਰੱਦ ਕੀਤੇ ਗਏ ਤਾਂ ਜੋ 'ਆਪ' ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜਿੱਤ ਦਿਵਾਈ ਜਾ ਸਕੇ | ਉਨਾਂ ਕਿਹਾ ਕਿ ਵਾਰਡ ਨੰਬਰ. 9 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਮਧੂਮੀਤ ਵਡੇਰਾ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ | ਮਧੂਮੀਤ ਵਡੇਰਾ ਇਕ ਮਜ਼ਬੂਤ ਤੇ ਯੋਗ ਉਮੀਦਵਾਰ ਸਨ, ਜਿਨਾਂ ਕੋਲ ਵੱਡੇ ਬਹੁਮਤ ਨਾਲ ਜਿੱਤਣ ਦੀ ਸਮਰੱਥਾ ਸੀ | ਉਨਾਂ ਦੋਸ਼ ਲਗਾਇਆ ਕਿ ਇਹ ਕਾਰਵਾਈ ਸਿਰਫ਼ 'ਆਪ' ਉਮੀਦਵਾਰ ਤਿ੍ਪਤਾ ਸੋਫਤ, ਜੋ ਐਡੀਸ਼ਨਲ ਐਡਵੋਕੇਟ ਜਨਰਲ ਫੈਰੀ ਸੋਫਤ ਦੀ ਮਾਤਾ ਹਨ, ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ | ਵਾਰਡ ਨੰਬਰ. 28 ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਤਿੰਦਰਪਾਲ ਸਿੰਘ ਨਾਲ ਇਸੇ ਤਰਾਂ ਦੀ ਕਾਰਵਾਈ ਹੋਈ | ਉਨਾਂ ਕਿਹਾ ਕਿ ਜਦੋਂ ਵੋਟ ਪੈਣ ਤੋਂ ਪਹਿਲਾਂ ਹੀ ਵਿਰੋਧੀਆਂ ਨੂੰ ਚੋਣ ਮੈਦਾਨ ਤੋਂ ਬਾਹਰ ਕਰ ਦਿੱਤਾ ਜਾਵੇ, ਤਾਂ ਇਸ ਨੂੰ 'ਚੋਣ' ਕਹਿਣਾ ਹਰ ਨਾਗਰਿਕ ਦਾ ਅਪਮਾਨ ਹੈ | ਇਹ ਸਰਕਾਰ ਨਹੀਂ, ਸਗੋਂ ਲੋਕਤੰਤਰ ਦੇ ਨਾਂ 'ਤੇ ਧੱਕੇਸ਼ਾਹੀ ਹੈ | ਰਾਜੂ ਖੰਨਾ ਨੇ ਦੋਵੇਂ ਨਾਮਜ਼ਦਗੀਆਂ ਦੀ ਰੱਦਗੀ ਨੂੰ 'ਲੋਕਤੰਤਰ ਦਾ ਕਤਲ' ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ 'ਆਪ' ਸਰਕਾਰ ਸਥਾਨਕ ਪੱਧਰ 'ਤੇ ਆਪਣੀ ਸੱਤਾ ਕਾਇਮ ਰੱਖਣ ਲਈ ਲੋਕਤੰਤਰੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਖ਼ਤਮ ਕਰ ਰਹੀ ਹੈ | ਉਨਾਂ ਦਾਅਵਾ ਕੀਤਾ ਕਿ ਕੋਈ ਵੀ ਸਿਆਸੀ ਦਬਾਅ ਜਾਂ ਪ੍ਰਸ਼ਾਸਨਿਕ ਧੱਕੇਸ਼ਾਹੀ ਅਕਾਲੀ ਦਲ ਜਾਂ ਉਸ ਦੇ ਉਮੀਦਵਾਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ | ਉਨਾਂ ਚੇਤਾਵਨੀ ਦਿੱਤੀ ਕਿ ਚੋਣ ਪ੍ਰਕਿਰਿਆ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਾਨੂੰਨ ਅੱਗੇ ਜਵਾਬਦੇਹ ਬਣਾਇਆ ਜਾਵੇਗਾ |