ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)- ਅਗਾਮੀ 26 ਮਈ ਨੂੰ ਹੋਣ ਵਾਲੀਆਂ ਕੌਂਸਲ ਚੋਣਾਂ ਸਬੰਧੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਵਾਪਸ ਲੈਣ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਜ਼ਿਲਾ ਫ਼ਤਹਿਗੜ ਸਾਹਿਬ ਅਧੀਨ ਪੈਂਦੀਆਂ ਨਗਰ ਕੌਂਸਲ ਸਰਹਿੰਦ-ਫ਼ਤਹਿਗੜ ਸਾਹਿਬ, ਮੰਡੀ ਗੋਬਿੰਦਗੜ, ਬਸੀ ਪਠਾਣਾਂ ਅਤੇ ਨਗਰ ਪੰਚਾਇਤ ਖਮਾਣੋਂ ਦੇ ਕੁੱਲ 80 ਵਾਰਡਾਂ ਵਿਚ ਹੁਣ ਕੁਲ 341 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਹ ਜਾਣਕਾਰੀ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਦਿੱਤੀ | ਉਨਾਂ ਦੱਸਿਆ ਕਿ ਜ਼ਿਲੇ ਦੀਆਂ ਤਿੰਨ ਨਗਰ ਕੌਂਸਲਾਂ ਅਤੇ ਇਕ ਨਗਰ ਪੰਚਾਇਤ ਵਾਸਤੇ ਕੁੱਲ 513 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ, ਜਿਨਾਂ 'ਚੋਂ 24 ਉਮੀਦਵਾਰਾਂ ਦੇ ਕਾਗ਼ਜ਼ ਖ਼ਾਰਜ ਪਾਏ ਗਏ ਸਨ ਅਤੇ ਅੱਜ 147 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ | ਵਧੀਕ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ ਦੇ 29 ਵਾਰਡਾਂ ਵਾਸਤੇ ਕੁੱਲ 209 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨਾਂ 'ਚੋਂ 12 ਨਾਮਜ਼ਦਗੀਆਂ ਖ਼ਾਰਜ ਪਾਈਆਂ ਗਈਆਂ ਅਤੇ 77 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ ਅਤੇ ਇਕ ਉਮੀਦਵਾਰ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ | ਇਸੇ ਤਰਾਂ ਨਗਰ ਕੌਂਸਲ ਸਰਹਿੰਦ-ਫ਼ਤਹਿਗੜ ਸਾਹਿਬ ਦੇ 23 ਵਾਰਡਾਂ ਵਾਸਤੇ ਕੁੱਲ 158 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨਾਂ 'ਚੋਂ 4 ਨਾਮਜ਼ਦਗੀਆਂ ਖ਼ਾਰਜ ਪਾਈਆਂ ਗਈਆਂ ਅਤੇ 60 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ | ਬਸੀ ਪਠਾਣਾਂ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਲਈ ਕੁੱਲ 89 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਸ 'ਚੋਂ 6 ਨਾਮਜ਼ਦਗੀਆਂ ਖ਼ਾਰਜ ਪਾਈਆਂ ਗਈਆਂ ਅਤੇ 6 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ | ਨਗਰ ਪੰਚਾਇਤ ਖਮਾਣੋਂ ਦੇ 13 ਵਾਰਡਾਂ ਵਾਸਤੇ ਕੁੱਲ 57 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨਾਂ 'ਚੋਂ 2 ਨਾਮਜ਼ਦਗੀਆਂ ਖ਼ਾਰਜ ਪਾਈਆਂ ਗਈਆਂ ਅਤੇ 4 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲਏ ਹਨ | ਉਨਾਂ ਦੱਸਿਆ ਕਿ ਹੁਣ 341 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਸ ਸਬੰਧੀ 26 ਮਈ ਨੂੰ ਵੋਟਾਂ ਪਾਉਣ ਦੀ ਪ੍ਰਕ੍ਰਿਆ ਸਵੇਰੇ 8 ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਅਤੇ ਇਸ ਵਾਰ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ | ਉਨਾਂ ਦੱਸਿਆ ਕਿ ਚੋਣਾਂ ਦੇ ਨਤੀਜੇ 29 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਐਲਾਨੇ ਜਾਣਗੇ |