ਫ਼ਤਹਿਗੜ੍ਹ ਸਾਹਿਬ, 10 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਵਲੋਂ ਬੀਬੀ ਕਰਮਜੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਬਸੀ ਪਠਾਣਾਂ ਦੀ ਪ੍ਰਧਾਨ ਨਿਯੁਕਤ ਹੋਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਥੇਦਾਰ ਰਿਆ ਨੇ ਬੀਬੀ ਕਰਮਜੀਤ ਕੌਰ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਦੀ ਨਿਯੁਕਤੀ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ | ਉਨਾਂ ਆਸ ਪ੍ਰਗਟਾਈ ਕਿ ਬੀਬੀ ਕਰਮਜੀਤ ਕੌਰ ਇਸਤਰੀ ਵਿੰਗ ਨੂੰ ਹੋਰ ਸਰਗਰਮ ਬਣਾਉਣ ਅਤੇ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਨ ਲਈ ਅਹਿਮ ਭੂਮਿਕਾ ਨਿਭਾਉਣਗੇ | ਬੀਬੀ ਕਰਮਜੀਤ ਕੌਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਉਨਾਂ ਕਿਹਾ ਕਿ ਇਸਤਰੀ ਵਿੰਗ ਨੂੰ ਮਜ਼ਬੂਤ ਕਰਕੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ | ਇਸ ਮੌਕੇ 'ਤੇ ਗੁਰਚਰਨ ਸਿੰਘ ਕੋਟਾਂ ਮੈਨੇਜਰ ਗੁਰਦੁਆਰਾ ਗੋਬਿੰਦਗੜ ਸਾਹਿਬ ਰਾਣਵਾਂ, ਮਨਵੀਰ ਸਿੰਘ ਤੇ ਪਾਰਟੀ ਦੇ ਹੋਰ ਵਰਕਰ ਹਾਜ਼ਰ ਸਨ |