ਫ਼ਤਹਿਗੜ੍ਹ ਸਾਹਿਬ, 10 ਜੂਨ (ਪੱਤਰ ਪ੍ਰੇਰਕ)-ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੁਜ਼ਗਾਰ ਕੇਂਦਰ (ਸੀ-ਪਾਈਟ) ਕੈਂਪ ਸ਼ਹੀਦਗੜ੍ਹ ਵਿਖੇ ਆਰਮੀ (ਅਗਨੀਵੀਰ) ਜਨਰਲ ਡਿਊਟੀ ਦੇ ਫਿਜ਼ੀਕਲ ਪੇਪਰ ਦੀ ਤਿਆਰੀ ਲਈ ਬੈਚ 1 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪੰਜਾਬ ਪੁਲਿਸ ਦੇ ਲਿਖਤੀ ਪੇਪਰ ਦੀ ਤਿਆਰੀ ਦਾ ਬੈਚ ਪਹਿਲਾਂ ਹੀ ਚੱਲ ਰਿਹਾ ਹੈ | ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਇਸ ਪੇਪਰ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ਼ 25 ਜੂਨ ਹੈ | ਉਨ੍ਹਾਂ ਦੱਸਿਆ ਕਿ ਚਾਹਵਾਨ ਯੁਵਕ ਅਤੇ ਯੁਵਤੀਆਂ ਰਜਿਸਟ੍ਰੇਸ਼ਨ ਕਰਵਾ ਕੇ ਜਲਦੀ ਆਪਣੇ ਸਰਟੀਫਿਕੇਟਾਂ ਦੀਆਂ ਫ਼ੋਟੋ ਕਾਪੀਆਂ, ਰਜਿਸਟ੍ਰੇਸ਼ਨ ਦੀ ਸਲਿੱਪ ਅਤੇ ਦੋ ਪਾਸਪੋਰਟ ਫ਼ੋਟੋ ਨਾਲ ਲੈ ਕੇ ਸੀ-ਪਾਈਟ ਕੈਂਪ ਸ਼ਹੀਦਗੜ੍ਹ ਨੇੜੇ ਬਸੀ ਪਠਾਣਾਂ ਵਿਖੇ ਰਿਪੋਰਟ ਕਰਨ | ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਖਾਣਾ-ਪੀਣਾ, ਰਿਹਾਇਸ਼ ਪੰਜਾਬ ਸਰਕਾਰ ਵਲੋਂ ਮੁਫ਼ਤ ਦਿੱਤੀ ਜਾਵੇਗੀ | ਇਸ ਸਬੰਧੀ ਜਸਵੰਤ ਸਿੰਘ, ਪੀ.ਟੀ.ਆਈ, ਪਿ੍ਅੰਕਾ ਮਾਸਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ |