ਅਮਲੋਹ, 10 ਜੂਨ (ਕੇਵਲ ਸਿੰਘ)-ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੀ.ਐਮ. ਸਵੈਨਿਧੀ ਸਕੀਮ ਤਹਿਤ 1 ਤੋਂ 30 ਜੂਨ ਤੱਕ 'ਲੋਕ ਕਲਿਆਣ ਮੇਲੇ' ਸਬੰਧੀ ਜਾਗਰੂਕਤਾ ਪ੍ਰੋਗਰਾਮ ਜਾਰੀ ਹਨ | ਜਿਸ ਤਹਿਤ ਜਾਗਰੂਕਤਾ ਪ੍ਰੋਗਰਾਮ ਵਿਚ ਸ਼ਹਿਰ ਵਿਚ ਫਲਾਂ, ਸਬਜ਼ੀਆਂ, ਜੂਸ, ਚਾਹ, ਕਬਾੜ ਅਤੇ ਪਲਾਸਟਿਕ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਪ੍ਰੋਗਰਾਮ ਦੌਰਾਨ ਡੇਅ-ਨੁਲਮ ਸਕੀਮ ਦੇ ਅਧਿਕਾਰੀ ਦਰਸ਼ਨ ਸਿੰਘ (ਸੀ.ਐਮ.ਐਮ) ਅਤੇ ਚੇਤਨਾ ਮੰਜੂ (ਸੀ.ਓ) ਵਲੋਂ ਹਾਜ਼ਰ ਰੇਹੜੀ-ਫੜੀ ਵਾਲਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪੀ.ਐਮ. ਸਵੈਨਿਧੀ ਸਕੀਮ ਅਧੀਨ ਪਹਿਲਾ ਲੋਨ 15 ਹਜ਼ਾਰ ਰੁਪਏ, ਦੂਜਾ 25 ਹਜ਼ਾਰ ਰੁਪਏ ਅਤੇ ਤੀਜਾ 50 ਹਜ਼ਾਰ ਰੁਪਏ ਤੱਕ ਦਿੱਤਾ ਜਾਂਦਾ ਹੈ, ਜਿਸ ਨਾਲ ਛੋਟੇ ਕਾਰੋਬਾਰੀਆਂ ਨੂੰ ਆਪਣਾ ਰੁਜ਼ਗਾਰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ | ਇਸ ਮੌਕੇ ਯੋਗ ਲਾਭਪਾਤਰੀਆਂ ਤੋਂ ਨਵੇਂ ਲੋਨ ਲਈ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਗਈਆਂ, ਨਾਲ ਹੀ ਕਈ ਰੇਹੜੀ-ਫੜੀ ਵਾਲਿਆਂ ਨੂੰ ਡਿਜੀਟਲ ਭੁਗਤਾਨ ਪ੍ਰਣਾਲੀ ਨਾਲ ਜੋੜ ਕੇ ਡਿਜੀਟਲ ਐਕਟਿਵ ਕੀਤਾ ਗਿਆ, ਤਾਂ ਜੋ ਉਹ ਆਧੁਨਿਕ ਤਕਨਾਲੋਜੀ ਦਾ ਲਾਭ ਲੈ ਸਕਣ |