ਮੰਡੀ ਗੋਬਿੰਦਗੜ੍ਹ, 18 ਜੁਲਾਈ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਦੇ ਇਕ ਨਿੱਜੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਈਸ਼ਾਨ ਅਹਿਮਦ ਦੀ ਲਾਸ਼ ਸਮਾਣਾ-ਪਾਤੜਾਂ ਨਹਿਰ ਤੋਂ ਬਰਾਮਦ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਗ਼ੋਤੇਖ਼ੋਰਾਂ ਵਲੋਂ ਲਾਸ਼ ਬਾਹਰ ਕੱਢੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਈਸ਼ਾਨ 15 ਜੁਲਾਈ ਦੀ ਸਵੇਰ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ’ਤੇ ਸਕੂਲ ਲਈ ਘਰੋਂ ਨਿਕਲਿਆ ਸੀ, ਪਰ ਸਕੂਲ ਨਹੀਂ ਪਹੁੰਚਿਆ। ਇਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ 17 ਜੁਲਾਈ ਨੂੰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਫ਼ਿਰੋਜ਼ਪੁਰ ਨੇੜੇ ਭਾਖੜਾ ਨਹਿਰ ਕੋਲੋਂ ਉਸ ਦਾ ਮੋਟਰਸਾਈਕਲ ਲਾਵਾਰਸ ਹਾਲਤ ਵਿਚ ਮਿਲਿਆ। ਈਸ਼ਾਨ ਦੇ ਪਿਤਾ ਨਈਮ ਅਹਿਮਦ ਨੇ ਆਪਣੇ ਪੁੱਤਰ ਦੀ ਭਾਲ ਵਿਚ ਸਹਿਯੋਗ ਕਰਨ ਵਾਲੇ ਲਈ ਇਕ ਲੱਖ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਸੀ। ਇਸੇ ਦੌਰਾਨ ਸਮਾਣਾ ਖੇਤਰ ਵਿਚ ਨਹਿਰ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਮੋਬਾਈਲ ’ਤੇ ਭੇਜੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਪਰਿਵਾਰ ਨੇ ਲਾਸ਼ ਦੀ ਪਛਾਣ ਈਸ਼ਾਨ ਅਹਿਮਦ ਵਜੋਂ ਕੀਤੀ। ਪਿਤਾ ਨਈਮ ਅਹਿਮਦ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਈਸ਼ਾਨ ਦਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਚੁੱਪ ਰਹਿਣ ਲੱਗ ਪਿਆ ਸੀ। ਪਿਤਾ ਨੇ ਇਹ ਵੀ ਸ਼ੱਕ ਜ਼ਾਹਿਰ ਕੀਤਾ ਕਿ ਮਾਮਲੇ ਵਿਚ ਹਰ ਸੰਭਾਵਨਾ ਦੀ ਜਾਂਚ ਹੋਣੀ ਚਾਹੀਦੀ ਹੈ। ਮੰਡੀ ਗੋਬਿੰਦਗੜ੍ਹ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਬੇਨਤੀ ’ਤੇ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਸਪੱਸ਼ਟ ਕਿਹਾ ਜਾ ਸਕੇਗਾ। ਉਨ੍ਹਾਂ ਮੁਤਾਬਿਕ ਪੁਲਿਸ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਘਟਨਾ ਤੋਂ ਪਹਿਲਾਂ ਈਸ਼ਾਨ ਨੇ ਆਪਣੇ ਯੂ. ਕੇ. ਵਿਚ ਰਹਿੰਦੇ ਵੱਡੇ ਭਰਾ ਨੂੰ ਇਕ ਮੈਸੇਜ ਭੇਜਿਆ ਸੀ, ਜਿਸ ’ਚ ਉਸ ਨੇ ਖ਼ੁਦਕੁਸ਼ੀ ਦੀ ਗੱਲ ਲਿਖੀ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਕਿਸੇ ਨਤੀਜੇ ’ਤੇ ਪਹੁੰਚਣਾ ਅਜੇ ਜਲਦਬਾਜ਼ੀ ਹੋਵੇਗੀ ਅਤੇ ਪੋਸਟਮਾਰਟਮ ਰਿਪੋਰਟ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।