08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਕੀ ਇਕ ਮੰਚ ’ਤੇ ਇਕੱਠੇ ਹੋਣਗੇ ਪੰਜਾਬ ਕਾਂਗਰਸ ਦੇ ਸਾਰੇ ਆਗੂ * ਚੰਨੀ ਧੜੇ ਦੇ ਆਗੂਆਂ ਨੂੰ ਹਾਈਕਮਾਨ ਦੀ ਦੋ ਟੁੱਕ ਤੋਂ ਬਾਅਦ ਦੋਵੇਂ ਪਾਸੇ ਛਾਈ ਚੁੱਪੀ * ਹਾਈਕਮਾਨ ਦੀ ਘੁਰਕੀ ਦੇ ਬਾਵਜੂਦ ਅਜੇ ਵੀ ਦੋਵੇਂ ਧੜਿਆਂ ਨੇ ਨਹੀਂ ਕੀਤੀ ਕੋਈ ਸਾਂਝੀ ਮੀਟਿੰਗ

ਅਜੀਤ ਡੈਸਕ 19-07-2026
ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 18 ਜੁਲਾਈ- ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਧੜੇਬੰਦੀ ਅਤੇ ਖਿੱਚਤਾਣ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਸਪੱਸ਼ਟ ਸੰਦੇਸ਼ ਦੇ ਕੇ ਸੂਬਾ ਇਕਾਈ ਨੂੰ ਅਨੁਸ਼ਾਸਨ ਅਤੇ ਏਕਤਾ ਦੀ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਹਾਈਕਮਾਨ ਦੇ ਫ਼ੈਸਲੇ ਅਤੇ ਚੰਨੀ ਧੜੇ ਦੇ ਆਗੂਆਂ ਨਾਲ ਦੋ-ਟੁੱਕ ਗੱਲਬਾਤ ਤੋਂ ਬਾਅਦ ਦਿੱਲੀ ਸੱਦੇ ਗਏ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਣਾ ਗੁਰਜੀਤ ਸਿੰਘ ਵਲੋਂ ਬਾਗ਼ੀ ਸੁਰ ਬਦਲਦੇ ਹੋਏ ਸਭ ਠੀਕ ਹੋਣ ਦੀ ਗੱਲ ਕਹੀ ਗਈ ਪਰ ਹਾਈਕਮਾਨ ਦੇ ਘੁਰਕੀ ਭਰੇ ਇੱਕਜੁੱਟਤਾ ਦੇ ਸੰਦੇਸ਼ ਮਗਰੋਂ ਦੋਵੇਂ ਧੜਿਆਂ ਵਲੋਂ ਚੁੱਪੀ ਧਾਰ ਲਈ ਗਈ ਹੈ। ਦੂਜੇ ਪਾਸੇ, ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹਾਈਕਮਾਨ ਨਾਲ ਮੀਟਿੰਗਾਂ ਤੋਂ ਬਾਅਦ ਦੋਵੇਂ ਧੜਿਆਂ ਵਲੋਂ ਇਕ ਹੋਣ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਇਨ੍ਹਾਂ ਉੱਪਰਲੀ ਕਤਾਰ ਦੇ ਆਗੂਆਂ ਵਲੋਂ ਮਨ-ਮੁਟਾਵ ਦੂਰ ਕਰਨ ਲਈ ਅਜੇ ਤੱਕ ਕਿਸੇ ਵੀ ਪੱਧਰ ’ਤੇ ਸਾਂਝੀ ਮੀਟਿੰਗ ਜਾਂ ਇਕ ਮੰਚ ’ਤੇ ਇਕੱਠੇ ਹੋਣ ਦਾ ਕੋਈ ਪ੍ਰੋਗਰਾਮ ਸਾਹਮਣੇ ਨਹੀਂ ਆਇਆ ਹੈ। ਪੰਜਾਬ ਕਾਂਗਰਸ ਵਿਚ ਛਾਏ ਸੰਨਾਟੇ ਕਾਰਨ ਹੇਠਲੇ ਪੱਧਰ ਦੇ ਆਗੂ ਅਤੇ ਵਰਕਰ ਵੀ ਅਜੇ ਭੰਬਲਭੂਸੇ ਵਿਚ ਪਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਅਤੇ ਨਾਰਾਜ਼ ਧੜੇ ਦੇ ਹੋਰ ਆਗੂਆਂ ਵਲੋਂ ਭਾਵੇਂ ਇਕਜੁੱਟਤਾ ਹੋ ਜਾਣ ਦੀ ਗੱਲ ਕਹਿ ਕੇ ਪਾਸਾ ਵੱਟਿਆ ਜਾ ਰਿਹਾ ਹੈ ਪਰ ਇਸ ਧੜੇ ਦੇ ਆਗੂਆਂ ਨੂੰ ਰਾਹੁਲ ਗਾਂਧੀ ਵਲੋਂ ਸਮਾਂ ਨਾ ਦੇਣ ਦਾ ਮਲਾਲ ਅਜੇ ਵੀ ਕਿਤੇ ਨਾ ਕਿਤੇ ਤੰਗ ਕਰ ਰਿਹਾ ਹੈ। ਹਾਲਾਂਕਿ, ਸਮਾਂ ਨਾ ਮਿਲਣ ਉਤੇ ਦੋਵੇਂ ਪਾਸੇ ਦੇ ਆਗੂ ਕਿਸੇ ਵੀ ਕਿਸਮ ਦੀ ਧੜੇਬੰਦੀ ਨੂੰ ਨਕਾਰਦੇ ਇਸ ਦਾ ਕਾਰਨ ਸਿਰਫ਼ ਮੀਡੀਆ ਨੂੰ ਦੱਸ ਰਹੇ ਹਨ ਪਰ ਇਥੇ ਇਹ ਸਵਾਲ ਵੀ ਖੜ੍ਹਾ ਹੋ ਜਾਂਦਾ ਹੈ ਕਿ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਲੀਡਰਸ਼ਿਪ ਵਿਚ ਬਦਲਾਅ ਨੂੰ ਲੈ ਕੇ ਜਾਰੀ ਸੂਚੀ ਤੋਂ ਬਾਅਦ ਹੋਈਆਂ ਬਗਾਵਤੀ ਮੀਟਿੰਗਾਂ ਅਤੇ ਬਿਆਨਬਾਜ਼ੀ ਮੀਡੀਆ ਦੀ ਉਪਜ ਨਹੀਂ ਸਗੋਂ ਪਾਰਟੀ ਵਿਚ ਖੁੱਲ੍ਹੇਆਮ ਚੱਲ ਰਹੀ ਖ਼ਾਨਾ-ਜੰਗੀ ਅਤੇ ਦੋਵੇਂ ਧੜਿਆਂ ਵਲੋਂ ਖ਼ੁਦ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਸੀ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸੀ ਆਗੂਆਂ ਵਿਚਲੀ ਖ਼ਾਨਾ-ਜੰਗੀ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆ ਗਈ ਸੀ, ਜਦੋਂ ਕੁਝ ਆਗੂਆਂ ਨੇ ਹਾਈਕਮਾਨ ਦੇ ਫ਼ੈਸਲਿਆਂ ਅਤੇ ਸੂਬਾ ਲੀਡਰਸ਼ਿਪ ਨੂੰ ਲੈ ਕੇ ਖੁੱਲ੍ਹੇਆਮ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਬਾਗ਼ੀ ਸੁਰ ਅਲਾਪਕੇ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਸਨ। ਧੜੇਬੰਦੀ ਖ਼ਤਮ ਕਰਾਉਣ ਲਈ ਹਾਈਕਮਾਨ ਵਲੋਂ ਭੇਜੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨਾਲ ਵੀ ਮੁਲਾਕਾਤ ਕਰਨ ਤੋਂ ਟਾਲ਼ਾ ਵੱਟਿਆ ਗਿਆ। ਇਸ ਮਗਰੋਂ ਦੋਵੇਂ ਹੀ ਧੜਿਆਂ ਪੋਸਟਰ ਜੰਗ, ਬਿਆਨਬਾਜ਼ੀ ਅਤੇ ਵੱਖ-ਵੱਖ ਮੀਟਿੰਗਾਂ ਨੇ ਇਹ ਸੰਕੇਤ ਦਿੱਤਾ ਕਿ ਪਾਰਟੀ ਦੇ ਅੰਦਰ ਦੋ ਸਪੱਸ਼ਟ ਧੜੇ ਬਣ ਚੁੱਕੇ ਹਨ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਰਾਹੀਂ ਪੂਰੀ ਰਿਪੋਰਟ ਤਿਆਰ ਕਰਵਾਈ ਅਤੇ ਸੀਨੀਅਰ ਲੀਡਰਸ਼ਿਪ ਨਾਲ ਲਗਾਤਾਰ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਚੰਨੀ ਧੜੇ ਦੇ ਕਈ ਸੀਨੀਅਰ ਆਗੂਆਂ ਨੇ ਵੀ ਦਿੱਲੀ ਪਹੁੰਚ ਕੇ ਆਪਣਾ ਪੱਖ ਰੱਖਿਆ ਅਤੇ ਹਾਈਕਮਾਨ ਨਾਲ ਮੁਲਾਕਾਤਾਂ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਸੂਤਰਾਂ ਅਨੁਸਾਰ ਹਾਈਕਮਾਨ ਨੇ ਉਸ ਵੇਲੇ ਸਪੱਸ਼ਟ ਕਰ ਦਿੱਤਾ ਕਿ ਜਨਤਕ ਤੌਰ ’ਤੇ ਧੜੇਬੰਦੀ ਜਾਂ ਆਪਸੀ ਟਕਰਾਅ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਆਗੂਆਂ ਨੂੰ ਪਾਰਟੀ ਹਿੱਤ ਵਿਚ ਮਿਲ ਕੇ ਕੰਮ ਕਰਨਾ ਹੋਵੇਗਾ। ਹਾਈਕਮਾਨ ਵਲੋਂ ਮਿਲੇ ਇਸ ਸਪੱਸ਼ਟ ਸੰਦੇਸ਼ ਤੋਂ ਬਾਅਦ ਭਾਵੇਂ ਬਿਆਨਬਾਜ਼ੀ ਵਿਚ ਕਾਫ਼ੀ ਕਮੀ ਆਈ ਹੈ ਅਤੇ ਦੋਵੇਂ ਧੜਿਆਂ ਵਲੋਂ ਜਨਤਕ ਤੌਰ ’ਤੇ ਸ਼ਕਤੀ ਪ੍ਰਦਰਸ਼ਨ ਜਾਂ ਬਿਆਨਬਾਜ਼ੀ ਨਹੀਂ ਕੀਤੀ ਜਾ ਰਹੀ ਪਰ ਸਿਆਸੀ ਹਲਕਿਆਂ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਕੀ ਇਹ ਚੁੱਪੀ ਸੱਚਮੁੱਚ ਏਕਤਾ ਦਾ ਸੰਕੇਤ ਹੈ ਜਾਂ ਫਿਰ ਅਸਥਾਈ ਰਣਨੀਤੀ, ਕਿਉਂਕਿ ਹੁਣ ਤੱਕ ਨਾ ਤਾਂ ਕਿਸੇ ਸਾਂਝੀ ਮੀਟਿੰਗ ਦਾ ਐਲਾਨ ਹੋਇਆ ਹੈ ਅਤੇ ਨਾ ਹੀ ਦੋਵੇਂ ਧੜਿਆਂ ਦੇ ਆਗੂ ਇਕ ਮੰਚ ’ਤੇ ਇਕੱਠੇ ਨਜ਼ਰ ਆਏ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਕਾਂਗਰਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਜ਼ਬੂਤ ਦਾਅਵੇਦਾਰ ਵਜੋਂ ਉੱਭਰਨਾ ਹੈ ਤਾਂ ਅੰਦਰੂਨੀ ਮਤਭੇਦਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਪਵੇਗਾ। ਸਿਰਫ਼ ਹਾਈਕਮਾਨ ਦੇ ਨਿਰਦੇਸ਼ਾਂ ਨਾਲ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਸਾਰੇ ਸੀਨੀਅਰ ਆਗੂਆਂ ਨੂੰ ਇਕ ਮਨ ਨਾਲ ਇਕੱਠੇ ਦਿਖਣਾ ਵੀ ਲਾਜ਼ਮੀ ਹੋਵੇਗਾ, ਕਿਉਂਕਿ ਪਾਰਟੀ ਵਰਕਰ ਵੀ ਲੰਬੇ ਸਮੇਂ ਤੋਂ ਇਹੀ ਉਮੀਦ ਕਰ ਰਹੇ ਹਨ ਕਿ ਅੰਦਰੂਨੀ ਵਿਵਾਦਾਂ ਦਾ ਅੰਤ ਹੋਵੇ ਅਤੇ ਪੂਰਾ ਸੰਗਠਨ ਇੱਕਜੁੱਟ ਹੋ ਕੇ ਤਕੜੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਏ।ਫ਼ਿਲਹਾਲ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਆਗੂਆਂ ਅਤੇ ਵਰਕਰਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਆਗੂ ਕਦੋਂ ਇਕ ਮੰਚ ’ਤੇ ਇਕੱਠੇ ਹੋ ਕੇ ਏਕਤਾ ਦਾ ਸੰਦੇਸ਼ ਦਿੰਦੇ ਹਨ, ਕਿਉਂਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਇਹੀ ਕਦਮ ਆਉਣ ਵਾਲੇ ਸਮੇਂ ਵਿਚ ਪੰਜਾਬ ਕਾਂਗਰਸ ਦੀ ਸਿਆਸੀ ਦਿਸ਼ਾ ਅਤੇ ਜਥੇਬੰਦਕ ਮਜ਼ਬੂਤੀ ਤੈਅ ਕਰੇਗਾ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨ ’ਤੇ ਭਖੀ ਸਿਆਸਤ ਮਗਰੋਂ ਮਨੀਸ਼ ਤਿਵਾੜੀ ਨੇ ਤੋੜੀ ਚੁੱਪੀ ਕਿਹਾ, ਮੈ ਸਿਰਫ਼ ਸੰਵਿਧਾਨਕ... ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਦੇ 12ਵੀਂ ਜਮਾਤ ਦੇ ਵਿਦਿਆਰਥੀ ਈਸ਼ਾਨ ਅਹਿਮਦ ਦੀ ਲਾਸ਼ ਸਮਾਣਾ-ਪਾਤੜਾਂ ਨਹਿਰ ਤੋਂ ਬਰਾਮਦx

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।