17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਭੁੱਲਰ ਅਠਵਾਲ ਦੇ ਛੰਭ ਵਿਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ 50 ਏਕੜ ਤੋਂ ਵੱਧ ਕਣਕ ਦੀ ਫ਼ਸਲ ਹੋਈ ਖ਼ਰਾਬ

ਅਜੀਤ ਡੈਸਕ 14-02-2026
ਕੋਟਲੀ ਸੂਰਤ ਮੱਲ੍ਹੀ, 13 ਫਰਵਰੀ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅੰਦਰ ਜਿੱਥੇ ਪਹਿਲਾਂ ਝੋਨੇ ਦੀ ਫ਼ਸਲ ਸਮੇਂ ਦਰਿਆ ਰਾਵੀ ਨੇ ਵੱਡੀ ਤਬਾਹੀ ਮਚਾਈ ਸੀ, ਉਥੇ ਹੁਣ ਨੇੜਲੇ ਪਿੰਡ ਭੁੱਲਰ ਅਠਵਾਲ ਦੇ ਛੰਭ ਵਿਚੋਂ ਬਰਸਾਤ ਦੇ ਪਾਣੀ ਦਾ ਨਿਕਾਸ ਨਾ ਹੋਣ ਕਰ ਕੇ ਕਈ ਕਿਸਾਨਾਂ ਦੀ 50 ਏਕੜ ਤੋਂ ਵੱਧ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਹੈ, ਜਿਸ ਕਰ ਕੇ ਕੁਝ ਕਿਸਾਨਾਂ ਕਣਕ ਦੀ ਫ਼ਸਲ ਵਾਹੁਣ ਲਈ ਮਜਬੂਰ ਹੋ ਗਏ ਹਨ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ, ਸਰਪੰਚ ਰਣਦੀਪ ਸਿੰਘ ਨਿੱਜਰਪੁਰ, ਨਿਸ਼ਾਨ ਸਿੰਘ ਨਾਗਰਾ, ਮਾਸਟਰ ਜਸਪਾਲ ਸਿੰਘ, ਅਮਰੀਕ ਸਿੰਘ ਭੁੱਲਰ, ਪ੍ਰਧਾਨ ਸਤਨਾਮ ਸਿੰਘ ਭੁੱਲਰ, ਸਰਪੰਚ ਰਣਜੋਧ ਸਿੰਘ ਅਠਵਾਲ, ਮਲਕੀਤ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ ਸਮੇਤ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੜ੍ਹ ਦੇ ਪਾਣੀ ਨੇ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਤਬਾਹ ਕਰ ਕੇ ਰੱਖ ਦਿੱਤੀ ਸੀ ਤੇ ਹੁਣ ਸੱਕੀ ਨਾਲੇ ਦੀ ਸਫ਼ਾਈ ਨਾ ਹੋਣ ਕਰ ਕੇ ਬਰਸਾਤ ਦੇ ਪਾਣੀ ਦਾ ਨਿਕਾਸ ਨਹੀ ਹੋ ਰਿਹਾ ਤੇ ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦੀ 50 ਏਕੜ ਤੋਂ ਵੱਧ ਕਣਕ ਦੀ ਫ਼ਸਲ ਖ਼ਰਾਬ ਹੋ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕਸਬਾ ਕੋਟਲੀ ਸੂਰਤ ਮੱਲ੍ਹੀ, ਮਲਕਪੁਰ, ਢਿੱਲਵਾਂ, ਡੇਰਾ ਪਠਾਣਾ ਤੇ ਅਲੀਨੰਗਲ ਦੇ ਪਿੰਡਾਂ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਸੱਕੀ ਨਾਲੇ ਦੀ ਸਫ਼ਾਈ ਨਹੀਂ ਕਰਵਾਈ ਗਈ ਤੇ ਸੱਕੀ ਨਾਲੇ ਵਿਚ ਗਾਜਰ-ਬੂਟੀ ਹੋਣ ਕਰ ਕੇ ਬਰਸਾਤ ਦੇ ਪਾਣੀ ਦਾ ਅੱਗੇ ਨਿਕਾਸ ਨਹੀ ਹੋ ਰਿਹਾ ਤੇ ਉਨ੍ਹਾਂ ਦੀਆ ਫ਼ਸਲਾਂ ਵਿਚ ਫੁੱਟ-ਫੁੱਟ ਪਾਣੀ ਖੜ੍ਹਾ ਹੈ, ਜਿਸ ਕਰ ਕੇ ਕਣਕ ਦੀ ਫ਼ਸਲ ਦਾ ਵਾਧਾ ਰੁਕ ਗਿਆ ਹੈ ਤੇ ਫ਼ਸਲ ਪੀਲੀ ਹੋ ਕੇ ਖ਼ਰਾਬ ਹੋ ਗਈ ਹੈ | ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਭਾਰੀ ਖਰਚ ਕਰ ਕੇ ਜੇ.ਸੀ.ਬੀ. ਮਸ਼ੀਨ ਲਗਾ ਕੇ ਕਣਕ ਦੀ ਫ਼ਸਲ ਵਿਚੋਂ ਬਰਸਾਤ ਦਾ ਪਾਣੀ ਕੱਢਣ ਦੇ ਯਤਨ ਕੀਤੇ ਸਨ, ਪਰ ਉਹ ਕਾਮਯਾਬ ਨਹੀਂ ਹੋਏ ਤੇ ਬਰਸਾਤ ਦਾ ਪਾਣੀ ਨਿਕਲਿਆ ਨਹੀਂ ਤੇ ਸੇਮ ਪੈਣ ਦਾ ਡਰ ਬਣਿਆ ਹੋਇਆ ਹੈ | ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਤੇ ਉਤੋਂ ਇਸ ਤਰ੍ਹਾਂ ਫ਼ਸਲਾਂ ਖ਼ਰਾਬ ਹੋਣ ਕਰ ਕੇ ਕਿਸਾਨਾਂ ਦਾ ਮੁੜ ਪੈਰਾਂ 'ਤੇ ਖੜੇ ਹੋਣਾ ਔਖਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕਈ ਵਾਰ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਇਸ ਕਿਰਨ ਸੱਕੀ ਨਾਲੇ ਦੀ ਸਫ਼ਾਈ ਕਰਵਾਈ ਜਾਵੇ, ਪਰ ਸਬੰਧਤ ਅਧਿਕਾਰੀਆਂ ਵਲੋਂ ਇਸ ਪਾਸੇ ਤਵੱਜੋਂ ਨਹੀਂ ਦਿੱਤੀ ਜਾਂਦੀ | ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਝੋਨਾ ਲਗਾਉਣ ਦੀ ਆਗਿਆ ਦਿੱਤੀ ਜਾਵੇ ਤੇ ਝੋਨਾ ਲਗਾਉਣ ਲਈ ਲੋੜੀਂਦਾ ਬੀਜ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਝੋਨੇ ਦੀ ਫ਼ਸਲ ਲਗਾ ਸਕਣ |
ਪਿਛਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸੈਸ਼ਨ ਲਈ ਮਾਪੇ ਮਿਲਣੀ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣ ਵਿਖੇ ਹਫਤਾਵਾਰੀ ਸੁਖਮਨੀ ਸਾਹਿਬ ਅਤੇ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।