ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਨਵੇਂ ਵਿੱਦਿਅਕ ਸੈਸਨ ਦੀ ਸ਼ਰੂਆਤ ਮੌਕੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਲਈ ਇਕ ਵਿਸ਼ੇਸ਼ ਮਿਲਣੀ ਸਮਾਗਮ ਕਰਵਾਇਆ ਗਿਆ | ਇਸ ਦਾ ਮੁੱਖ ਉਦੇਸ਼ ਮਾਪਿਆਂ ਨੂੰ ਸਕੂਲ ਦੇ ਨਿਯਮਾਂ, ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਣਾਏ ਗਏ ਰੂਪ-ਰੇਖਾ ਤੋਂ ਜਾਣੂ ਕਰਵਾਉਣਾ ਸੀ | ਸਮਾਗਮ ਦੀ ਸ਼ੁੁਰੂਆਤ ਪਿ੍ੰਸੀਪਲ ਡਾ. ਉਪਮਾ ਮਹਾਜਨ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਕਿਹਾ ਕਿ ਬੱਚੇ ਦੇ ਵਿਕਾਸ ਵਿਚ ਸਕੂਲ ਅਤੇ ਘਰ ਦੋਵਾਂ ਦੀ ਬਰਾਬਰ ਦੀ ਭੂਮਿਕਾ ਹੁੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ 'ਸਾਡਾ ਉਦੇਸ ਸਿਰਫ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਨੂੰ ਅਨੁਸਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ | ਅਜੋਕੇ ਸਮੇਂ ਵਿਚ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ |' ਪਿ੍ੰ. ਡਾ. ਉਪਮਾ ਮਹਾਜਨ ਨੇ ਮਾਪਿਆਂ ਨੂੰ ਸੀ.ਬੀ.ਐੱਸ.ਈ. ਦੇ ਨਵੇਂ ਪਾਠਕ੍ਰਮ ਅਤੇ ਪ੍ਰੀਖਿਆਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਸਕੂਲ ਵਲੋਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਜਿਵੇਂ ਖੇਡਾਂ, ਸੰਗੀਤ ਅਤੇ ਕਲਾ ਪ੍ਰਤੀਯੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਨਵੇਂ ਜੁੜੇ ਮਾਪਿਆਂ ਨੇ ਵੀ ਇਸ ਪ੍ਰੋਗਰਾਮ ਵਿਚ ਡੂੰਘੀ ਦਿਲਚਸਪੀ ਦਿਖਾਈ ਅਤੇ ਮਾਪਿਆਂ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ | ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਕਈ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ | ਇਸ ਮੌਕੇ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮਲਿਆਂਵਾਲ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਬਿਹਤਰ ਭਵਿੱਖ ਲਈ ਸਕੂਲ ਹਮੇਸ਼ਾ ਵਚਨਬੱਧ ਹੈ | ਵਿਦਿਆਰਥੀਆਂ ਦੀ ਬਿਹਤਰੀ ਅਤੇ ਸਰਬਪੱਖੀ ਵਿਕਾਸ ਲਈ ਸਕੂਲ ਪਹਿਲ ਦੇ ਆਧਾਰ 'ਤੇ ਹਰ ਲੋੜੀਂਦੇ ਕਦਮ ਚੁੱਕੇਗਾ | ਮਾਪਿਆਂ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ | ਅੰਤ ਵਿਚ ਸਕੂਲ ਪ੍ਰਬੰਧਕਾਂ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ, ਪਿ੍ੰਸੀਪਲ ਡਾ. ਉਪਮਾ ਮਹਾਜਨ ਅਤੇ ਅਧਿਆਪਕਾਂ ਨੇ ਮਾਪਿਆਂ ਵਲੋਂ ਦਿੱਤੇ ਇਸ ਸਹਿਯੋਗ ਦਾ ਧੰਨਵਾਦ ਕੀਤਾ |