ਕਾਦੀਆਂ, 13 ਫਰਵਰੀ (ਕੁਲਵਿੰਦਰ ਸਿੰਘ)-ਕਾਦੀਆਂ ਦੇ ਨਜ਼ਦੀਕੀ ਅੱਡਾ ਕੋਟ ਟੋਡਰ ਮੱਲ ਵਿਖੇ ਬੀਤੀ ਦੇਰ ਰਾਤ ਸ਼ਰਾਰਤੀ ਅਨਸਰ ਵਲੋਂ ਸੀਮਿਟ ਟਾਇਲਾਂ ਬਣਾਉਣ ਵਾਲੀ ਫੈਕਟਰੀ ਨੂੰ ਕਿਸੇ ਸ਼ਰਾਰਤੀ ਅਨਸਰ ਵਲੋਂ ਅੱਗ ਲਗਾ ਦਿੱਤੀ | ਘਟਨਾ ਸਬੰਧੀ ਟਾਇਲ ਫੈਕਟਰੀ ਦੇ ਮਾਲਕ ਕਰਨ ਸਿੰਘ ਪੁੱਤਰ ਨਰਿੰਦਰ ਪਾਲ ਸਿੰਘ ਉਰਫ ਬਿੱਲੂ ਭੱਠੇ ਵਾਲੇ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਕਰਿੰਦੇ ਵਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਇਸ ਦੌਰਾਨ ਘਟਨਾ ਵੇਲੇ ਅਹਿਮਦੀਆ ਮੁਸਲਿਮ ਜਮਾਤ ਕਾਦੀਆਂ ਦੀ ਫਾਇਰ ਬਿ੍ਗੇਡ ਮੌਕੇ 'ਤੇ ਪਹੁੰਚੀ, ਜਿਸ ਨੇ ਅੱਗ ਦੇ ਉੱਪਰ ਕਾਬੂ ਪਾਇਆ | ਉਨ੍ਹਾਂ ਦੱਸਿਆ ਕਿ ਇਸ ਅੱਗ ਦੇ ਕਾਰਨ ਉਨ੍ਹਾਂ ਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਸੰਬੰਧੀ ਉਨ੍ਹਾਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਪੁਲਿਸ ਚੌਕੀ ਤੁਗਲਵਾਲ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |