ਸੁਜਾਨਪੁਰ, 13 ਫਰਵਰੀ (ਜਗਦੀਪ ਸਿੰਘ)-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਨਾਲ ਬਣਿਆ ਨਿਕਾਸੀ ਨਾਲਾ ਲੋਕਾਂ ਅਤੇ ਦੁਕਾਨਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ, ਪਰ ਪ੍ਰਸ਼ਾਸਨ ਇਸ ਪਾਸੇ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਰੋਸ ਪ੍ਰਗਟ ਕਰਦੇ ਹੋਏ ਸੁਜਾਨਪੁਰ ਦੇ ਵਾਰਡ ਨੰਬਰ-13 ਦੀ ਕੌਂਸਲਰ ਸਰੋਜ ਬਾਲਾ ਦੇ ਪਤੀ ਸੁਰਿੰਦਰ ਸ਼ਰਮਾ ਦੀ ਅਗਵਾਈ ਵਿਚ ਸਥਾਨਿਕ ਲੋਕਾਂ ਵਲੋਂ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸ਼ਰਮਾ, ਅੰਕਿਤ ਸ਼ਰਮਾ, ਦਾਨਿਸ਼, ਭਾਸਕਰ, ਰਜਤ ਸ਼ਰਮਾ, ਤਿਲਕ, ਨਿਖਿਲ, ਸਤਪਾਲ, ਚਮਨ ਲਾਲ, ਰਾਜੇਸ਼ ਪਰਿੰਜਾ, ਕਿ੍ਸ਼ਨ ਠਾਕੁਰ, ਸੁਰਜੀਤ ਕੁਮਾਰ, ਮਦਨ ਲਾਲ, ਕੁਸ਼ੱਲਿਆ ਦੇਵੀ, ਆਸ਼ਾ ਦੇਵੀ, ਰਮਾ ਦੇਵੀ, ਚੰਚਲ ਦੇਵੀ ਅਤੇ ਨਿਰਮਲਾ ਦੇਵੀ ਆਦਿ ਨੇ ਦੱਸਿਆ ਕਿ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਸੜਕ 'ਤੇ ਵਗਣ ਲੱਗ ਪੈਂਦਾ ਹੈ | ਜਿਸ ਨਾਲ ਉਥੋਂ ਲੰਘਣ ਵਿਚ ਭਾਰੀ ਸਮੱਸਿਆ ਆਉਂਦੀ ਹੈ ਅਤੇ ਪਾਣੀ ਭਰਿਆ ਹੋਣ ਕਾਰਨ ਮੱਛਰ, ਮੱਖੀਆਂ ਭਿੰਨ-ਭਿਣਾਉਂਦੀਆਂ ਰਹਿੰਦੀਆਂ ਹਨ | ਜਿਸ ਨਾਲ ਕਿਸੇ ਵੇਲੇ ਵੀ ਕੋਈ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ | ਜਿਸ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਹੋਰ ਵੱਧ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਨਾਲੇ ਦੀ ਸਫ਼ਾਈ ਕਰਾ ਕੇ ਲੋਕਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਕਿਸਮ ਦੀ ਬਿਮਾਰੀ ਨਾ ਫੈਲ ਸਕੇ |