ਘਰੋਟਾ, 13 ਫਰਵਰੀ (ਸੰਜੀਵ ਗੁਪਤਾ)-ਘਰੋਟਾ ਬਲਾਕ ਦੇ ਪਿੰਡ ਬੱਸੀ ਬਹਿਲਦਪੁਰ ਵਿਚ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਹੱਲ ਹੁਣ ਹੋਣ ਜਾ ਰਿਹਾ ਹੈ | ਇਸ ਕੰਮ ਲਈ ਕਰੀਬ 5 ਲੱਖ ਰੁਪਏ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ ਤੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ | ਉਕਤ ਕੰਮ ਦਾ ਨਿਰੀਖਣ ਬਲਾਕ ਪ੍ਰਧਾਨ ਸੰਮਤੀ ਮੈਂਬਰ ਪਵਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ | ਪਵਨ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸ ਸਮੱਸਿਆ ਕਾਰਨ ਪ੍ਰੇਸ਼ਾਨ ਸਨ | ਮਾਮਲੇ ਨੂੰ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਅਤੇ ਹੁਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਮੌਕੇ ਪਿੰਡ ਦੇ ਸਰਪੰਚ ਦੀਪੂ ਸਮੇਤ ਹੋਰ ਪਿੰਡ ਵਾਸੀਆਂ ਨੇ ਪਿੰਡ ਦੀ ਸੜਕ ਨੂੰ 10 ਫੁੱਟ ਤੋਂ ਵਧਾ ਕੇ 16 ਫੁੱਟ ਚੌੜਾ ਕਰਨ ਲਈ ਧੰਨਵਾਦ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਨਵਾਂ ਤੋਂ ਫਰੀਦਾਨਗਰ ਤੱਕ ਸੜਕ ਦੀ ਕਾਇਆਕਲਪ ਹੋਣ ਨਾਲ ਟ੍ਰੈਫਿਕ ਆਵਾਜਾਈ ਦੀ ਸਮੱਸਿਆ ਦਾ ਵੱਡਾ ਹੱਲ ਨਿਕਲੇਗਾ ਅਤੇ ਲੋਕਾਂ ਨੂੰ ਆਵਾਜਾਈ ਵਿਚ ਸਹੂਲਤ ਮਿਲੇਗੀ | ਉਨ੍ਹਾਂ ਕਿਹਾ ਕਿ ਪਿੰਡ ਰਹਿੰਦੇ ਮਸਲੇ ਵੀ ਜਲਦ ਹੱਲ ਕਰ ਦਿੱਤੇ ਜਾਣਗੇ |