ਤਾਰਾਗੜ੍ਹ, 13 ਫਰਵਰੀ (ਸੋਹਨ ਲਾਲ)-ਤਾਰਾਗੜ੍ਹ ਪੁਲਿਸ ਨੇ 6 ਗਾਵਾਂ ਅਤੇ 2 ਵੱਛੇ ਲੈ ਕੇ ਜਾ ਰਹੇ ਇਕ ਮਿੰਨੀ ਟਰੱਕ ਅਤੇ ਤਿੰਨ ਵਿਅਕਤੀਆਂ ਨੰੂ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤਾਰਾਗੜ੍ਹ ਦਾਣਾ ਮੰਡੀ ਦੇ ਨਜ਼ਦੀਕ ਪੁਲ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਮੁਖ਼ਬਰ ਵਲੋਂ ਸੂਚਨਾ ਮਿਲੀ ਕਿ ਤਿੰਨ ਵਿਅਕਤੀ ਇਕ ਮਿੰਨੀ ਟਰੱਕ ਵਿਚ 6 ਗਾਵਾਂ ਅਤੇ 2 ਵੱਛੇ ਲੈ ਕੇ ਦੀਨਾਨਗਰ ਸਾਈਡ ਤੋਂ ਵਾਇਆ ਤਾਰਾਗੜ੍ਹ ਰਾਹੀਂ ਜੰਮੂ-ਕਸ਼ਮੀਰ ਨੰੂ ਜਾ ਰਹੇ ਹਨ, ਜੇ ਜਲਦ ਹੀ ਦੀਨਾਨਗਰ ਸਾਈਡ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਨੰੂ ਕਾਬੂ ਕੀਤਾ ਜਾ ਸਕਦਾ ਹੈ | ਪੁਲਿਸ ਪਾਰਟੀ ਨੇ ਜਲਦ ਹੀ ਦੀਨਾਨਗਰ ਸਾਈਡ ਤੋਂ ਆ ਰਹੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ | ਥੋੜ੍ਹੀ ਦੇਰੀ ਬਾਅਦ ਹੀ ਇਕ ਮਿੰਨੀ ਟਰੱਕ ਜਿਸ ਵਿਚ 6 ਗਾਵਾਂ ਅਤੇ 2 ਵੱਛਿਆਂ ਨੰੂ ਬਹੁਤ ਬੁਰੀ ਤਰ੍ਹਾਂ ਟਰੱਕ ਵਿਚ ਬੰਨਿ੍ਹਆ ਹੋਇਆ ਸੀ ਆਇਆ | ਇਸ ਟਰੱਕ ਵਿਚ ਤਿੰਨ ਵਿਅਕਤੀ ਸਵਾਰ ਸਨ | ਜਦੋਂ ਟਰੱਕ ਨੰੂ ਰੋਕ ਕੇ ਉਨ੍ਹਾਂ ਵਿਅਕਤੀਆਂ ਨੰੂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਭੀਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਰਣਮੀਰ ਕਲਾਂ ਖਾਸਾ, ਨਿਹਾਲ ਸਿੰਘ ਬੱਲਾ ਜ਼ਿਲ੍ਹਾ ਮੋਗਾ ਤੇ ਮਨਜੂਰ ਅਹਿਮਦ ਪੁੱਤਰ ਅਬਦੁਲ ਵਾਸੀ ਮੁਕਦਮ ਪੈਰਾ ਕੰਡੀ ਖਾਸ ਜ਼ਿਲ੍ਹਾ ਕੁੱਪਵਾੜਾ ਜੰਮੂ-ਕਸ਼ਮੀਰ ਦੱਸਿਆ | ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਦ ਉਕਤ ਵਿਅਕਤੀਆਂ ਨੰੂ ਗਾਵਾਂ ਅਤੇ ਵੱਛਿਆਂ ਸਬੰਧੀ ਦਸਤਾਵੇਜ਼ ਬਿੱਲ ਵਗੈਰਾ ਪੇਸ਼ ਕਰਨ ਲਈ ਕਿਹਾ ਤਾਂ ਉਹ ਕੋਈ ਵੀ ਦਸਤਾਵੇਜ਼ ਦਿਖਾ ਨਹੀਂ ਸਕੇ | ਪੁਲਿਸ ਵਲੋਂ ਉਕਤ ਵਿਅਕਤੀਆਂ ਨੰੂ ਟਰੱਕ ਸਮੇਤ ਗਾਵਾਂ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |