ਘੱਲੂਘਾਰਾ ਸਾਹਿਬ, 14 ਫਰਵਰੀ (ਪਰਮ ਮਿਨਹਾਸ)-ਇਸ ਸਮੇਂ ਹਰ ਪਾਰਟੀ ਦਾ ਨਿਸ਼ਾਨਾ 2027 ਦੀਆਂ ਚੋਣਾਂ ਹਨ | ਇਸ ਲਈ ਹਰ ਪਾਰਟੀ ਆਪਣੇ-ਆਪ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਚਾਹੁੰਦੀ ਹੈ | ਇਸ ਸਿਲਸਿਲੇ ਦੇ ਚਲਦੇ ਹਲਕਾ ਕਾਦੀਆਂ ਦੇ ਪਿੰਡ ਸਠਿਆਲੀ ਤੋਂ ਕਈ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ | ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਿੰਡ ਸਠਿਆਲੀ ਤੋਂ ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ ਨੂੰ ਪਰਿਵਾਰਾਂ ਸਮੇਤ ਮਾਣ-ਸਨਮਾਨ ਕਰਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕੀਤਾ | ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਾਦੀਆਂ ਹਲਕੇ ਦੇ ਬਹੁਤ ਪਰਿਵਾਰ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਰਿਵਾਰ ਸਮੇਤ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤੈਸੀ ਨੀਤੀਆਂ ਕਰ ਕੇ ਹਰ ਵਰਗ ਦਾ ਭਰੋਸਾ ਪਾਰਟੀ ਵੱਲ ਵਧ ਰਿਹਾ ਹੈ | ਇਸ ਮੌਕੇ ਸਰਪੰਚ ਬਿਕਰਮ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |