ਬਟਾਲਾ, 14 ਫਰਵਰੀ (ਸਤਿੰਦਰ ਸਿੰਘ)-ਬੀ.ਐੱਮ.ਐੱਸ.ਐੱਮ. ਗਰੁੱਪ ਆਫ਼ ਇੰਸਟੀਚਿਊਟ ਦੇ ਅਧੀਨ ਚੱਲ ਰਹੇ ਗਗਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕਲਾਨੌਰ ਵਿਖੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕੀਤਾ ਗਿਆ | ਇਸ ਸਮਾਗਮ ਵਿਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਭਾਗ ਲਿਆ | ਸਮਾਗਮ ਦਾ ਸ਼ੁਭ ਆਰੰਭ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਅਤੇ ਮੈਡਮ ਅਮਰਦੀਪ ਕੌਰ ਵਲੋਂ ਰਿਬਨ ਕੱਟ ਕੇ ਅਤੇ ਜੋਤੀ ਜਗਾ ਕੇ ਕੀਤਾ ਗਿਆ | 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਾਰੇ ਵਿਦਿਆਰਥੀਆਂ ਅੇ ਅਧਿਆਪਕਾਂ ਨੂੰ ਵਿਸ਼ੇਸ਼ ਟੈਗ ਦੇ ਨਾਲ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਦੂਜੇ ਪੜਾਅ ਵਿਚ ਮਾਡਿਲੰਗ ਅਤੇ ਪ੍ਰਸ਼ਨ-ਉਤਰ ਰਾਉਂਡ ਕਰਵਾਏ ਗਏ, ਜਿਨਾਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਸ਼ਖ਼ਸੀਅਤ, ਆਤਮ ਵਿਸ਼ਵਾਸ ਅਤੇ ਪੇਸ਼ਕਾਰੀ ਦੇ ਹੁਨਰ ਪ੍ਰਗਟ ਕਰਨ ਦਾ ਮੌਕਾ ਮਿਲਿਆ | ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਦਸਵੀਂ ਜਮਾਤ ਦੀ ਪੁਨੀਤ ਕੌਰ ਅਤੇ ਸੁਖਮਨਪ੍ਰੀਤ ਸਿੰਘ ਨੂੰ ਮਿਸ ਅਤੇ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | 12ਵੀਂ ਜਮਾਤ ਦੇ ਤਰਨਪ੍ਰੀਤ ਕੌਰ ਅਤੇ ਅਭੈਜੀਤ ਸਿੰਘ ਨੂੰ ਵੀ ਇਹ ਸਨਮਾਨ ਪ੍ਰਦਾਨ ਕੀਤਾ ਗਿਆ | ਸੰਸਥਾ ਵਲੋਂ ਸਭ ਵਿਦਿਆਰਥੀਆਂ ਨੂੰ ਯਾਦਗਾਰੀ ਮੋਮੈਂਟੋ ਭੇਟ ਕੀਤੇ ਗਏ | ਚੇਅਰਮੈਨ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਉੱਚਾਈਆਂ ਹਾਸਲ ਕਰਨ ਅਤੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕਰਨ ਲਈ ਅਸ਼ੀਰਵਾਦ ਦਿੱਤਾ | ਸਕੂਲ ਦੇ ਪਿ੍ੰਸੀਪਲ ਰਮੇਸ਼ ਕੁਮਾਰ ਨੇ ਭਾਵੁਕ ਵਿਦਾਇਗੀ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ | ਸਮਾਗਮ ਵਿਚ ਕੋਆਰਡੀਨੇਟਰ ਮਨਦੀਪ ਕੌਰ, ਅਰੁਣ ਬਲਹੋਤਰਾ, ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਰਹੇ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪਲੇਅ-ਵੇਅ ਕਲਾਸ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਤਹਿਤ ਲੜਕੀਆਂ ਲਈ ਦਾਖ਼ਲੇ ਵਿਚ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ |