ਗੁਰਦਾਸਪੁਰ, 15 ਫਰਵਰੀ (ਗੁਰਪ੍ਰਤਾਪ ਸਿੰਘ)-ਅੱਜ ਸਿਵਲ ਹਸਪਤਾਲ ਗੁਰਦਾਸਪੁਰ ਬੱਬਰੀ ਵਿਖੇ ਐਸ.ਐਨ.ਸੀ.ਯੂ. ਤੇ ਆਈ.ਏ.ਪੀ. ਦੇ ਸਹਿਯੋਗ ਨਾਲ 'ਵਿਸ਼ਵ ਐਨੀਮੀਆ ਦਿਵਸ' ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਲੋਕਾਂ ਵਿਚ ਖ਼ੂਨ ਦੀ ਕਮੀ (ਐਨੀਮੀਆ) ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਐਸ.ਐਮ.ਓ. ਡਾ: ਰਵਿੰਦਰ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਉਨ੍ਹਾਂ ਦੇ ਨਾਲ ਡਾ: ਪ੍ਰੇਰਨਾ ਗੁਪਤਾ, ਡਾ: ਕਮਲਦੀਪ, ਡਾ: ਭਾਸਕਰ, ਡਾ: ਆਸ਼ਿਆਨਾ, ਡਾ: ਦੀਕਸ਼ਾ, ਨਰਸਿੰਗ ਅਫ਼ਸਰ ਰਮਨੀਕ ਤੇ ਵੰਦਨਾ ਸਮੇਤ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਵੀ ਹਾਜ਼ਰ ਰਹੇ | ਮਾਹਿਰਾਂ ਵਲੋਂ ਐਨੀਮੀਆ ਦੇ ਲੱਛਣਾਂ ਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਸਿਹਤਮੰਦ ਖ਼ੁਰਾਕ ਦੀ ਮਹੱਤਤਾ ਬਾਰੇ ਦੱਸਦਿਆਂ ਦੱਸਿਆ ਕਿ ਕਿਵੇਂ ਸਹੀ ਖਾਣ-ਪੀਣ ਨਾਲ ਖ਼ੂਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ |