ਗੁਰਦਾਸਪੁਰ, 15 ਫਰਵਰੀ (ਪੰਕਜ ਸ਼ਰਮਾ)-ਮਹਾਂਸ਼ਿਵਰਾਤਰੀ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਗੁਰਦਾਸਪੁਰ ਅਤੇ ਸਨਾਤਨ ਕ੍ਰਾਂਤੀ ਦਲ ਨੇ ਸਾਰੇ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਸਹਿਯੋਗ ਨਾਲ ਗੌ ਸੰਸਦ ਮੈਂਬਰ ਅਤੇ ਸੂਬਾ ਉਪ ਮੁਖੀ ਹਰਵਿੰਦਰ ਸੋਨੀ ਦੀ ਅਗਵਾਈ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਦੌਰਾਨ 'ਹਰ ਹਰ ਮਹਾਂਦੇਵ' ਦਾ ਜੈਕਾਰਿਆਂ ਨਾਲ ਪੂਰਾ ਸ਼ਹਿਰ ਭਗਤੀ ਵਿਚ ਡੁੱਬਿਆ ਹੋਇਆ ਨਜ਼ਰ ਆਇਆ | ਇਸ ਸ਼ੋਭਾ ਯਾਤਰਾ ਵਿਚ ਭਾਰੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਹਿੱਸਾ ਲਿਆ | ਇਸ ਸ਼ੋਭਾ ਯਾਤਰਾ ਵਿਚ ਐਸ.ਪੀ. ਜੁਗਰਾਜ ਸਿੰਘ, 'ਆਪ' ਆਗੂ ਰਮਨ ਬਹਿਲ, ਸ਼ਮਸ਼ੇਰ ਸਿੰਘ, ਹਿਤੇਸ਼ ਮਹਾਜਨ, ਯੋਗੇਸ਼ ਸ਼ਰਮਾ, ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਦੀ ਵਿਸ਼ੇਸ਼ ਟੀਮ, ਕਾਂਗਰਸੀ ਆਗੂ ਕੇ.ਪੀ. ਪਾਹੜਾ, ਦਰਸ਼ਨ ਮਹਾਜਨ, ਭਾਜਪਾ ਆਗੂ ਬਘੇਲ ਸਿੰਘ, ਰਿੱਕੀ ਮਹੰਤ, ਅਨੁਰੰਜਨ ਸੈਣੀ, ਪ੍ਰਵੀਨ ਸ਼ਰਮਾ, ਡਾ: ਰਾਜਪਾਲ ਸ਼ਰਮਾ, ਡਾ: ਢਿੱਲੋਂ, ਡਾ: ਅਜੈ ਮਹਾਜਨ, ਭਗਵਾਂ ਸੈਨਾ ਦੇ ਪੰਕਜ ਦੇਵੇਸਰ, ਸੌਰਭ ਗੁਪਤਾ, ਜਲੰਧਰ ਤੋਂ ਆਸ਼ੀਸ਼ ਅਰੋੜਾ, ਜਤਿੰਦਰ ਸਹਿਦੇਵ, ਦੀਪਕ ਭਗਤ, ਐਡਵੋਕੇਟ ਪੁਸ਼ਕਰ ਨੰਦਾ, ਰਾਜਨ ਮਿੱਤਲ, ਅਨਿਲ ਸਰਨਾ ਆਦਿ ਮੌਜੂਦ ਸਨ | ਇਸ ਵਾਰ ਸ਼ੋਭਾ ਯਾਤਰਾ ਦੀ ਸ਼ਾਨ ਦੇਖਣ ਯੋਗ ਸੀ ਅਤੇ ਇਸ ਸਬੰਧ ਵਿਚ ਹਰਵਿੰਦਰ ਸੋਨੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀ ਸ਼ੁਰੂਆਤ ਪਹਿਲਾਂ ਕੁੜੀਆਂ ਦੇ ਪੈਰਾਂ ਦੀ ਪੂਜਾ ਕਰਕੇ ਕੀਤੀ ਗਈ ਸੀ ਅਤੇ ਇਸ ਸ਼ੋਭਾ ਯਾਤਰਾ ਵਿਚ ਗੋਗੀ ਗਾਇਕੀ ਸਮੂਹ ਦੁਆਰਾ ਸ਼ਿਵ ਸਤੂਤੀ, ਜੰਗਮ ਅਤੇ ਵੱਡੇ ਹਨੂਮਾਨ, ਰਾਜਸਥਾਨ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਈਆਂ ਗਈਆਂ ਪੱਗਾਂ, ਢੋਲ ਅਤੇ ਨਾਚ, ਸੱਭਿਆਚਾਰਕ ਸਮੂਹ ਦੁਆਰਾ ਪੇਸ਼ ਕੀਤੇ ਗਏ | ਕਲਾਕਾਰਾਂ ਵਲੋਂ ਬਣਾਈਆਂ ਗਈਆਂ ਝਾਕੀਆਂ ਨੇ ਸ਼ੋਭਾ ਯਾਤਰਾ ਦੀ ਸ਼ਾਨ ਨੂੰ ਵਧਾ ਦਿੱਤਾ, ਇਸ ਨੂੰ ਬਹੁਤ ਹੀ ਆਕਰਸ਼ਕ ਬਣਾਇਆ, ਖ਼ਾਸ ਕਰਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਝਾਕੀ ਖਿੱਚ ਦਾ ਕੇਂਦਰ ਰਹੀ | ਪੂਰੇ ਸ਼ਹਿਰ ਵਿਚ 17 ਸਟੇਜਾਂ ਬਣਾਈਆਂ ਗਈਆਂ ਸਨ, ਜੋ ਸ਼ਿਵ ਅਤੇ ਪਾਰਵਤੀ ਦੇ ਦੈਵ ਨਾਚ ਨੂੰ ਪ੍ਰਦਰਸ਼ਿਤ ਕਰਦੀਆਂ ਸਨ, ਜੋ ਮਾਹੌਲ ਨੂੰ ਸ਼ਿਵ ਨਾਲ ਪੂਰੀ ਤਰ੍ਹਾਂ ਭਰ ਦਿੰਦੀਆਂ ਸਨ | ਸੋਨੀ ਨੇ ਕਿਹਾ ਕਿ ਵਿਦੇਸ਼ਾਂ ਅਤੇ ਹੋਰ ਰਾਜਾਂ ਦੇ ਸੀਨੀਅਰ ਸ਼ਿਵ ਭਗਤਾਂ ਨੇ ਹਮੇਸ਼ਾ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਨ ਕਰਨ ਦੀ ਬੇਨਤੀ ਕੀਤੀ ਸੀ | ਇਸ ਲਈ ਪੂਰੀ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ | ਸੋਨੀ ਨੇ ਕਿਹਾ ਕਿ ਸ਼ੋਭਾ ਯਾਤਰਾ ਮਾਈ ਕਾ ਤਾਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਿਵ ਸੈਨਾ ਭਵਨ ਪਹੁੰਚੀ, ਜਿੱਥੇ ਸਟੇਜ 'ਤੇ ਮੌਜੂਦ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ | ਸੋਨੀ ਨੇ ਕਿਹਾ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਸ਼ਿਵ ਭਗਤਾਂ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਅੰਤ ਵਿਚ ਸ਼ੋਭਾ ਯਾਤਰਾ ਮਾਈ ਕਾ ਤਾਲਾਬ ਮੰਦਿਰ ਵਿਚ ਰੁਕੀ ਜਿੱਥੇ ਸਮਾਜ ਸੇਵਕ ਗਗਨ ਮਹਾਜਨ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ |