ਪਠਾਨਕੋਟ, 15 ਫਰਵਰੀ (ਸੰਧੂ)-ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਸ਼ਿਵ ਸੈਨਾ ਯੂ.ਬੀ.ਟੀ. ਨੇ ਪੰਜਾਬ ਇੰਚਾਰਜ ਯੋਗਰਾਜ ਸ਼ਰਮਾ ਦੀ ਯੋਗ ਅਗਵਾਈ ਹੇਠ ਸ਼ੋਭਾ ਯਾਤਰਾ ਕੱਢੀ ਗਈ | ਜਿਸ ਦਾ ਢਾਂਗੂ ਰੋਡ ਪਹੁੰਚਣ 'ਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਦੱਸਿਆ ਕਿ ਇਹ ਧਾਰਮਿਕ ਪਰੰਪਰਾ ਪਠਾਨਕੋਟ ਵਿਚ ਪਿਛਲੇ 25 ਸਾਲਾਂ ਤੋਂ ਸ਼ਿਵ ਭਗਤਾਂ ਦੁਆਰਾ ਨਿਰੰਤਰ ਮਨਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਰ ਪਾਸੇ ਮਹਾਂਦੇਵ ਦੇ ਜੈਕਾਰੇ ਗੂੰਜ ਰਹੇ ਸਨ | ਇਸ ਪਵਿੱਤਰ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਭਗਵਾਨ ਸ਼ਿਵ ਦੇ ਜੀਵਨ ਦਰਸ਼ਨ ਨਾਲ ਵੀ ਜਾਣੂ ਕਰਵਾਇਆ ਗਿਆ | ਅੰਤ ਵਿਚ ਸਾਰੇ ਸ਼ਿਵ ਭਗਤਾਂ ਨੂੰ ਇਕ ਪ੍ਰੇਰਨਾਦਾਇਕ ਸੰਦੇਸ਼ ਦਿੱਤਾ ਗਿਆ ਕਿ ਜ਼ਿੰਦਗੀ ਸਾਡੇ 'ਤੇ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਲਿਆਵੇ, ਮਹਾਂਦੇਵ ਦੇ ਆਸ਼ੀਰਵਾਦ ਨਾਲ ਸਾਨੂੰ ਕਦੇ ਵੀ ਨਹੀਂ ਰੁਕਣਾ ਚਾਹੀਦਾ, ਡਰਨਾ ਚਾਹੀਦਾ ਹੈ ਜਾਂ ਹਾਲਾਤਾਂ ਅੱਗੇ ਝੁਕਣਾ ਚਾਹੀਦਾ ਹੈ, ਸਗੋਂ ਨਿਡਰ ਹੋ ਕੇ ਸੱਚ ਦੇ ਮਾਰਗ 'ਤੇ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਜਸਵੀਰ ਸਿੰਘ, ਪੰਕਜ ਕੁਮਾਰ, ਅਮਿਤ ਚੋਪੜਾ, ਮੁਕੇਸ਼, ਪੱਪੂ, ਬਾਬਾ ਜੀ, ਵਿੱਕੀ, ਰਿੰਕੂ, ਗਿਰੀਸ਼ ਮਹਾਜਨ ਅਤੇ ਸਾਹਿਲ ਚੌਧਰੀ ਆਦਿ ਮੌਜੂਦ ਸਨ |