ਪਠਾਨਕੋਟ, 27 ਫਰਵਰੀ (ਵਿਨੋਦ)-ਅਰਸ਼ਦੀਪ ਸਿੰਘ ਲੁਬਾਣਾ ਨੇ ਬਤੌਰ ਐਸ.ਡੀ.ਐਮ. ਪਠਾਨਕੋਟ ਦਾ ਚਾਰਜ ਸੰਭਾਲਦੇ ਹੀ ਵਿਧਾਨ ਸਭਾ ਚੋਣ ਹਲਕਾ ਪਠਾਨਕੋਟ ਵਿਚ (ਸਰ) ਦੇ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਲਈ ਸੈਕਟਰ ਅਫ਼ਸਰਾਂ ਨਾਲ ਵੀਡੀਓ ਕਾਨਫ਼ਰੰਸ ਕੀਤੀ | ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਯੋਗ ਅਗਵਾਈ ਹੇਠ ਅਰਸ਼ਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ 2025 ਦੀਆਂ ਵੋਟਰ ਸੂਚੀਆਂ ਦਾ 2003 ਦੀ ਵੋਟਰ ਸੂਚੀਆਂ ਨਾਲ ਵੋਟਰਾਂ ਦਾ ਮਿਲਾਣ ਕੀਤਾ ਜਾ ਰਿਹਾ ਹੈ | ਇਸ 'ਚ ਮੈਪਿੰਗ ਲਈ ਵੋਟਰਾਂ ਦਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ | ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੈਕਟਰ ਅਫ਼ਸਰਾਂ ਰਾਹੀਂ ਪਠਾਨਕੋਟ ਹਲਕੇ ਦੇ ਬੀ.ਐਲ.ਓਜ. ਨੂੰ ਹਦਾਇਤਾਂ ਵੀ ਜਾਰੀ ਕੀਤੀਆਂ | ਅਰਸ਼ਦੀਪ ਸਿੰਘ ਲੁਬਾਣਾ ਨੇ ਆਮ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਬੀ.ਐਲ.ਓ. ਵੋਟਰ ਨੂੰ ਮੈਪ ਕਰਨ ਲਈ ਤੁਹਾਡੇ ਕੋਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ | ਜੇਕਰ ਬੀ.ਐਲ.ਓ. ਕੋਲ ਸਹੀ ਜਾਣਕਾਰੀ ਹੋਵੇਗੀ ਤਾਂ ਹੀ ਬੀ.ਐਲ.ਓ. ਵੋਟ ਨੂੰ ਸਹੀ ਢੰਗ ਨਾਲ ਮੈਪ ਕਰੇਗਾ |