ਡੇਰਾ ਬਾਬਾ ਨਾਨਕ, 28 ਫਰਵਰੀ (ਵਿਜੇ ਸ਼ਰਮਾ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਭਾਜਪਾ ਦੀ ਰੈਲੀ ਪ੍ਰਤੀ ਵਰਕਰਾਂ ਨੂੰ ਲਾਮਬੱਧ ਕਰਨ ਲਈ ਮੰਡਲ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਇਕ ਅਹਿਮ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟੇ ਰਾਜੂ ਪੰਡਿਤ ਅਤੇ ਬਲਵਿੰਦਰ ਸਿੰਘ ਬਿੱਟੂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਾਜੂ ਪੰਡਿਤ ਨੇ ਕਿਹਾ ਕਿ ਭਾਜਪਾ ਦੀ ਮੋਗਾ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਤੋਂ ਇਲਾਵਾ ਆਮ ਲੋਕਾਂ ਅੰਦਰ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਰੈਲੀ ਨੂੰ 2027 ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਜਿਥੇ ਗ੍ਰਹਿ ਮੰਤਰੀ ਵਲੋਂ ਪੰਜਾਬ ਦੀ ਮੌਜੂਦਾ ਸਮੀਖਿਆ ਕੀਤੀ ਜਾਵੇਗੀ, ਉਥੇ ਹੀ ਸੂਬੇ ਦੀ ਵਿਗੜੀ ਕਨੂੰਨ ਵਿਵਸਥਾ ਅਤੇ ਲੋਕਾਂ ਅੰਦਰ ਫੈਲੀ ਦਹਿਸ਼ਤ ਨੂੰ ਦੂਰ ਕਰਨ ਵਰਗੇ ਅਹਿਮ ਐਲਾਨ ਕੀਤੇ ਜਾ ਸਕਦੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਅਤੇ ਲੋਕਾਂ ਦੀ ਜਾਨ, ਮਾਲ ਦੀ ਸੁਰੱਖਿਆ ਕਰਨ ਵਾਲੀ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਲਿਆਂਦੀ ਜਾਵੇ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਵਿਜੇ ਸੋਨੀ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਨਰੋਤਮ ਕੁਮਾਰ, ਅਨਿਲ ਡੋਗਰਾ, ਸ਼ਾਮ ਸੁੰਦਰ ਖੰਨਾ, ਰੋਹਨ, ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ |