ਡੇਰਾ ਬਾਬਾ ਨਾਨਕ, 29 ਅਪ੍ਰੈਲ (ਹੀਰਾ ਸਿੰਘ ਮਾਂਗਟ)- ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੇ ਪਿੰਡ ਖੁਸ਼ਹਾਲਪੁਰ ਦੀ ਜ਼ਮੀਨ ਵਿਖੇ ਸੁਤੰਤਰਤਾ ਸੰਗਰਾਮੀ ਬਾਪੂ ਅਤਰ ਸਿੰਘ ਖੁਸ਼ਹਾਲਪੁਰ ਦੇ ਨਾਂਅ 'ਤੇ ਚੱਲ ਰਹੀ (ਆਈ.ਟੀ.ਆਈ.) ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੜਕੀਆਂ ਡੇਰਾ ਬਾਬਾ ਨਾਨਕ ਹੁਣ ਰੱਬ ਆਸਰੇ ਹੀ ਚੱਲ ਰਹੀ ਹੈ | ਬੱਚਿਆਂ ਨੂੰ ਸਿਖਲਾਈ ਦੇ ਕੇ ਪੈਰਾਂ 'ਤੇ ਖੜਾ ਕਰਨ ਵਾਲੀ ਇਹ ਸੰਸਥਾ ਹੁਣ ਖੁਦ ਪੈਰਾਂ ਤੋਂ ਥਿੜਕਦੀ ਨਜ਼ਰ ਆ ਰਹੀ ਹੈ | ਇਸ ਆਈ.ਟੀ.ਆਈ. ਅੰਦਰ ਤਕਰੀਬਨ ਪਿਛਲੇ 8 ਮਹੀਨਿਆਂ ਤੋਂ ਹੜ੍ਹ ਆਉਣ ਤੋਂ ਬਾਅਦ ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਕਰਮਚਾਰੀਆਂ ਤੇ ਸਿਖਿਆਰਥੀਆਂ ਨੂੰ ਵੱਡੀਆਂ ਦਿੱਕਤਾਂ ਤੇ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਇਥੇ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਰਾਵੀ ਦਰਿਆ 'ਚ ਆਏ ਹੜ੍ਹਾਂ ਦੇ ਕਾਰਨ ਆਈ.ਟੀ.ਆਈ. ਡੇਰਾ ਬਾਬਾ ਨਾਨਕ ਦੀ ਚਾਰ ਦੀਵਾਰੀ ਡਿੱਗੀ ਹੋਈ ਹੈ, ਪਾਣੀ ਤੇ ਬਿਜਲੀ ਦੀ ਸਪਲਾਈ ਦਾ ਮੰਦਾ ਹਾਲ ਹੈ, ਜਿਸ ਕਰ ਕੇ ਆਏ ਦਿਨ ਸੰਸਥਾ 'ਚ ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਦੀ ਗਿਣਤੀ ਵਧਣ ਦੀ ਬਜਾਏ ਘਟਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਪਿ੍ੰਸੀਪਲ ਨਾ ਹੋਣ ਕਾਰਨ ਐਡੀਸ਼ਨਲ ਪਿ੍ੰਸੀਪਲ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਪਿਛਲੇ ਕਈ ਮਹੀਨਿਆਂ ਤੋਂ ਗਾਇਬ ਹਨ | ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਅਨੇਕਾਂ ਵਾਰ ਪਿ੍ੰਸੀਪਲ ਦੇ ਧਿਆਨ ਵਿਚ ਵੀ ਲਿਆਂਦਾ ਹੈ, ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾਂ | ਇਸ ਮੌਕੇ ਪ੍ਰਬੰਧਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਜਲਦ ਤੋਂ ਜਲਦ ਕੋਈ ਹੱਲ ਕਰਵਾਇਆ ਜਾਵੇ | ਇਸ ਮਾਮਲੇ ਨੂੰ ਲੈ ਕੇ ਜਦੋਂ ਸੰਸਥਾ ਦੇ ਪਿ੍ੰਸੀਪਲ ਪਰਮਜੀਤ ਸਿੰਘ ਮਠਾਰੂ ਨਾਲ ਮੋਬਾਇਲ ਫ਼ੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਮੇਰੇ ਧਿਆਨ ਵਿਚ ਨਹੀਂ ਆਇਆ ਸੀ ਪਰ ਫਿਰ ਵੀ ਇਸ ਮਸਲੇ ਦਾ ਹੱਲ ਜਲਦੀ ਕਰਵਾਇਆ ਜਾਵੇਗਾ | ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ੍ਰੀ ਆਦਿਤਿਆ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਸ ਸੰਬੰਧੀ ਮੈਨੂੰ ਅਜੇ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਤੇ ਜਦ ਮੈਨੂੰ ਕੋਈ ਲਿਖਤੀ ਸ਼ਿਕਾਇਤ ਪ੍ਰਾਪਤ ਹੋਵੇਗੀ ਤਾਂ ਤੁਰੰਤ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੱਲ ਕਰਵਾਇਆ ਜਾਵੇਗਾ |