ਗੁਰਦਾਸਪੁਰ, 30 ਅਪ੍ਰੈਲ (ਗੁਰਪ੍ਰਤਾਪ ਸਿੰਘ)-ਅੱਜ ਗੁਰਦਾਸਪੁਰ ਦੇ ਮਿਲਕ ਪਲਾਂਟ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਮਿਲਕ ਪਲਾਂਟ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਵਲੋਂ ਕੀਤੀ ਗਈ | ਜਦੋਂ ਕਿ ਮਿਲਕ ਫੈੱਡ ਪੰਜਾਬ ਦੇ ਡਾਇਰੈਕਟਰ ਐਡਵੋਕੇਟ ਬਲਜੀਤ ਸਿੰਘ ਪਾਹੜਾ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਮਿਲਕ ਪਲਾਂਟ ਦੇ ਵਿਕਾਸ ਅਤੇ ਸੁਧਾਰ ਲਈ ਕਈ ਮੁੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਕਿਸਾਨ ਦੁੱਧ ਨੂੰ ਸਹਾਇਕ ਕਾਰੋਬਾਰ ਵਜੋਂ ਅਪਣਾ ਕੇ ਬਿਹਤਰ ਜੀਵਨ ਜੀ ਸਕਦੇ ਹਨ | ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਪਲਾਂਟ ਕਿਸਾਨਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕਰੇ | ਪਾਹੜਾ ਨੇ ਕਿਹਾ ਕਿ ਪਲਾਂਟ ਦੇ ਵਿਕਾਸ ਦੇ ਕੰਮ ਨੂੰ ਤੇਜ਼ ਕੀਤਾ ਜਾਵੇਗਾ ਤੇ ਮਿਲਕ ਪਲਾਂਟ 'ਚ ਪੈਦਾ ਹੋਣ ਵਾਲੇ ਉਤਪਾਦਾਂ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾਣਗੇ | ਇਸ ਨਾਲ ਪਲਾਂਟ ਦਾ ਵਿਕਾਸ ਹੋਵੇਗਾ ਅਤੇ ਲੋਕਾਂ ਨੂੰ ਉੱਚ-ਗੁਣਵੱਤਾ ਵਾਲੇ ਉਤਪਾਦ ਮਿਲਣਗੇ | ਉਨ੍ਹਾਂ ਵਲੋਂ ਇਸ ਸਬੰਧੀ ਡਾਇਰੈਕਟਰਜ਼ ਦੇ ਸੁਝਾਅ ਲਏ ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ | ਅੰਤ ਵਿਚ ਚੇਅਰਮੈਨ ਸੁਰਿੰਦਰ ਸ਼ਰਮਾ ਨੇ ਸਾਰੇ ਡਾਇਰੈਕਟਰਾਂ ਅਤੇ ਖ਼ਾਸ ਕਰਕੇ ਐਡਵੋਕੇਟ ਬਲਜੀਤ ਸਿੰਘ ਪਾਹੜਾ ਦਾ ਧੰਨਵਾਦ ਕੀਤਾ |